ਰਿਲਾਇੰਸ ਕੰਪਨੀ ਦੇ ਸ਼ੇਅਰਾਂ ''ਚ ਬਹਾਰ, ਮਾਰਕਿਟ ਕੈਪ ਪਹੁੰਚਿਆ 8 ਲੱਖ ਦੇ ਪਾਰ

08/14/2019 2:26:36 PM

 

ਮੁੰਬਈ — ਸਾਊਦੀ ਅਰਬ ਦੀ ਕੰਪਨੀ ਆਰਾਮਕੋ ਦੁਆਰਾ ਰਿਲਾਇੰਸ ਇੰਡਸਟਰੀਜ਼(RIL) 'ਚ 20 ਫੀਸਦੀ ਦੀ ਹਿੱਸੇਦਾਰੀ ਖਰੀਦਣ ਦੇ ਐਲਾਨ ਤੋਂ ਬਾਅਦ ਤੋਂ ਹੀ ਰਿਲਾਇੰਸ ਦੇ ਸ਼ੇਅਰਾਂ ਵਿਚ ਮਜ਼ਬੂਤੀ ਦਰਜ ਕੀਤੀ ਜਾ ਰਹੀ ਹੈ। ਕਰੀਬ 13 ਕਾਰੋਬਾਰੀ ਸੈਸ਼ਨ ਦੇ ਬਾਅਦ ਮੰਗਲਵਾਰ ਨੂੰ ਕਾਰੋਬਾਰ ਦੇ ਦੌਰਾਨ ਹੀ RIL ਦਾ ਮਾਰਕਿਟ ਕੈਪ 8 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਸੀ। ਪਿਛਲੇ ਦੋ ਦਿਨਾਂ 'ਚ ਹੀ ਰਿਲਾਇੰਸ ਦੇ ਸ਼ੇਅਰ ਕਰੀਬ 10 ਫੀਸਦੀ ਚੜ੍ਹ ਚੁੱਕੇ ਹਨ।
ਬੁੱਧਵਾਰ ਨੂੰ ਸਵੇਰੇ 11 ਵਜੇ ਤੱਕ RIL ਦੇ ਸ਼ੇਅਰ ਹਰੇ ਨਿਸ਼ਾਨ ਵਿਚ ਸਨ। ਰਿਲਾਇੰਸ ਦੇ ਸ਼ੇਅਰ ਦੀ ਕੀਮਤ 1287 ਰੁਪਏ ਅਤੇ ਕੰਪਨੀ ਦਾ ਕੁੱਲ ਬਜ਼ਾਰ ਪੂੰਜੀਕਰਣ 8,15,840 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਸੀ।

ਜ਼ਿਕਰਯੋਗ ਹੈ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੁਆਰਾ ਸੋਮਵਾਰ ਨੂੰ 42ਵੀਂ ਸਾਲਾਨਾ ਆਮ ਬੈਠਕ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿਚ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਦੱਸਿਆ ਕਿ ਸਾਊਦੀ ਅਰਬ ਦੀ ਆਰਾਮਕੋ ਕੰਪਨੀ ਨੇ ਰਿਲਾਇੰਸ ਇੰਡਸਟਰੀਜ਼(RIL) 'ਚ 20 ਫੀਸਦੀ ਦੀ ਹਿੱਸੇਦਾਰੀ ਖਰੀਦਣ ਦਾ ਫੈਸਲਾ ਕੀਤਾ ਹੈ।

ਆਰਾਮਕੋ ਵਲੋਂ ਹਿੱਸੇਦਾਰੀ ਖਰੀਦਣ ਦੇ ਐਲਾਨ ਦੇ ਬਾਅਦ ਤੋਂ ਹੀ ਰਿਲਾਇੰਸ ਦੇ ਸ਼ੇਅਰਾਂ ਵਿਚ ਮਜ਼ਬੂਤੀ ਆਉਣੀ ਸ਼ੁਰੂ ਹੋ ਗਈ। ਪਿਛਲੇ ਹਫਤੇ ਕਾਰੋਬਾਰ ਦੇ ਆਖਰੀ ਦਿਨ ਸ਼ੁੱਕਰਵਾਰ ਨੂੰ RIL ਦਾ ਬਜ਼ਾਰ ਪੂੰਜੀਕਰਣ 7,36,602 ਕਰੋੜ ਰੁਪਏ ਦਾ ਸੀ, ਜਿਹੜਾ ਮੰਗਲਵਾਰ ਨੂੰ ਕਾਰੋਬਾਰ ਦੇ ਪਹਿਲੇ ਚਾਰ ਘੰਟੇ ਵਿਚ ਹੀ ਚੜ੍ਹ ਕੇ 8,20,753 ਕਰੋੜ ਰੁਪਏ ਤੱਕ ਪਹੁੰਚ ਗਿਆ।

ਇਸ ਤੋਂ ਪਹਿਲਾਂ 23 ਜੁਲਾਈ ਨੂੰ ਰਿਲਾਇੰਸ ਦਾ ਮਾਰਕਿਟ ਕੈਪ 8.06 ਲੱਖ ਕਰੋੜ ਰੁਪਏ ਸੀ। ਇਸ ਦੇ ਬਾਅਦ ਤੋਂ ਲਗਾਤਾਰ ਰਿਲਾਇੰਸ ਦਾ ਮਾਰਕਿਟ ਕੈਪ 8 ਲੱਖ ਕਰੋੜ ਰੁਪਏ ਤੋਂ ਹੇਠਾਂ ਰਿਹਾ। ਪਿਛਲੇ ਸਾਲ 5 ਜੁਲਾਈ ਨੂੰ ਜਦੋਂ ਰਿਲਾਇੰਸ ਨੇ ਆਪਣੀ 41ਵੀਂ ਬੈਠਕ ਕੀਤੀ ਸੀ ਤਾਂ ਉਸਦੇ ਸ਼ੇਅਰਾਂ ਦੀ ਕੀਮਤ 964 ਰੁਪਏ ਸੀ ਪਰ ਸ਼ੁੱਕਰਵਾਰ ਨੂੰ ਇਸ ਦੇ ਸ਼ੇਅਰਾਂ ਦੀ ਕੀਮਤ ਵਧ ਕੇ 1162 ਰੁਪਏ ਪਹੁੰਚ ਗਈ ਅਤੇ ਸੋਮਵਾਰ ਨੂੰ ਇਹ 1287 ਦੇ ਆਸਪਾਸ ਪਹੁੰਚ ਗਿਆ।