ਚੰਦਾ ਕੋਚਰ ਦਾ ਬੋਨਸ ਤੇ ਹੋਰ ਲਾਭ ਵਾਪਸ ਕਰਨ ਤੋਂ ਇਨਕਾਰ

05/20/2019 4:19:46 PM

ਮੁੰਬਈ — ICICI ਬੈਂਕ ਦੀ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਚੀਫ ਐਗਜ਼ੈਕਟਿਵ ਚੰਦਾ ਕੋਚਰ ਨੇ ਬੈਂਕ ਨੂੰ ਕਾਨੂੰਨੀ ਚਿੱਠੀ ਭੇਜੀ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਅਸਤੀਫੇ ਨੂੰ ਬਰਖਾਸਤੀ ਦੇ ਤੌਰ 'ਤੇ ਦਿਖਾਉਣ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਮਾਮਲੇ ਦੇ ਜਾਣੂ ਦੋ ਸੂਤਰਾਂ ਨੇ ਦੱਸਿਆ ਕਿ ਕੋਚਰ ਨੇ ਅਪ੍ਰੈਲ 2009 ਤੋਂ ਮਾਰਚ 2018 ਤੱਕ ਬੈਂਕ ਤੋਂ ਮਿਲੇ ਬੋਨਸ ਅਤੇ ਸ਼ੇਅਰ ਵਿਕਲਪ ਨੂੰ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੈਂਕ ਨੇ ਚੰਦਾ ਕੋਚਰ ਨੂੰ ਇਹ ਪੈਸੇ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਬੀ.ਐਨ.ਸ਼੍ਰੀ ਕਿਸ਼ਣਨ ਦੀ ਅਗਵਾਈ ਵਾਲੀ ਬੈਂਚ ਦੀ ਜਾਂਚ ਕਮੇਟੀ ਵਲੋਂ ਵੀਡੀਓਕਾਨ ਕਰਜ਼ਾ ਮਾਮਲੇ ਵਿਚ ਕੋਚਰ ਵਲੋਂ ਬੈਂਕ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸੰਕੇਤ ਦਿੱਤੇ ਸਨ। ਇਸ ਤੋਂ ਬਾਅਦ 30 ਜਨਵਰੀ ਨੂੰ ICICI ਬੈਂਕ ਦੇ ਬੋਰਡ ਆਫ ਡਾਇਰੈਕਟਰ ਨੇ ਐਲਾਨ ਕੀਤਾ ਸੀ ਕਿ ਕੋਚਰ ਨੂੰ ਦਿੱਤੇ ਗਏ ਸਾਰੇ ਲਾਭਾਂ ਨੂੰ ਵਾਪਸ ਲਿਆ ਜਾਵੇਗਾ। ਬੈਂਕ ਦੇ ਬੋਰਡ ਨੇ ਕੋਚਰ ਨੂੰ ਬਤੌਰ ਮੁੱਖ ਕਾਰਜਕਾਰੀ ਅਧਿਕਾਰੀ ਮਿਲੇ 10 ਕਰੋੜ ਰੁਪਏ ਬੋਨਸ ਅਤੇ ਬੈਂਕ ਦੇ 60 ਲੱਖ ਸ਼ੇਅਰਾਂ ਨੂੰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਹੈ।
ਕੋਚਰ ਦੇ ਵਕੀਲ ਵਲੋਂ ਭੇਜੇ ਗਏ ਇਸ ਚਿੱਠੀ 'ਚ ਉਨ੍ਹਾਂ ਦੇ ਬੈਂਕ ਛੱਡਣ ਨੂੰ ਬਰਖਾਸਤਗੀ ਦੇ ਤੌਰ 'ਤੇ ਲਏ ਜਾਣ 'ਤੇ ਸਪੱਸ਼ਟੀਕਰਣ ਮੰਗਿਆ ਗਿਆ ਹੈ। ਚਿੱਠੀ ਵਿਚ ਕੋਚਰ ਦੇ ਬੈਂਕ ਦੇ ਨਾਲ ਲੰਮੇ ਸਮੇਂ ਤੱਕ ਕੰਮ ਕਰਨ ਅਤੇ ਉਨ੍ਹਾਂ ਦੀ ਸਖਤ ਮਿਹਨਤ ਅਤੇ ਵਫ਼ਾਦਾਰੀ ਨੂੰ ਅੰਡਰਲਾਈਨ ਕੀਤਾ ਗਿਆ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਕੋਚਰ ਦੀ ਬਰਖਾਸਤਗੀ ਦੇ ਫੈਸਲੇ ਨਾਲ ਉਨ੍ਹਾਂ ਦੇ ਸਨਮਾਨ ਨੂੰ ਸੱਟ ਲੱਗੀ ਹੈ। ਸੂਤਰਾਂ ਨੇ ਦੱਸਿਆ ਹੈ ਕਿ ਕੋਚਰ ਵਲੋਂ ਭੇਜੀ ਗਈ ਚਿੱਠੀ ਸਖਤ ਸ਼ਬਦਾਂ ਵਿਚ ਲਿਖੀ ਗਈ ਹੈ। ਉਨ੍ਹਾਂ ਦੀ ਕਾਨੂੰਨੀ ਟੀਮ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਕਰ ਰਹੀ ਹੈ। ਇਸ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ 'ਤੇ ਵਿਚਾਰ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਚਿੱਠੀ ਵਿਚ ਵਕੀਲ ਨੇ ਲਿਖਿਆ ਹੈ ਕਿ ਕੋਈ ਵੀ ਕਰਜ਼ਾ ਵੰਡ ਦਾ ਫੈਸਲਾ ਇਕ ਪੱਖੀ ਨਹੀਂ ਸੀ ਅਤੇ ਇਹ ਬੋਰਡ ਦੇ ਸਮੂਹਿਕ ਫੈਸਲੇ 'ਤੇ ਅਧਾਰਿਤ ਸੀ। ਇਸ ਦੇ ਬਾਰੇ 'ਚ ਬੈਂਕ ਦਾ ਇਕ ਪੱਖ ਜਾਣਨ ਲਈ ICICI ਬੈਂਕ ਨੂੰ ਈ-ਮੇਲ ਭੇਜਿਆ ਗਿਆ ਪਰ ਉਸਦਾ ਜਵਾਬ ਨਹੀਂ ਆਇਆ। ਚੰਦਾ ਕੋਚਰ ਨੂੰ ਵੀ ਟੈਕਸਟ ਮੈਸੇਜ ਭੇਜਿਆ ਗਿਆ ਸੀ ਪਰ ਉਸਦਾ ਵੀ ਜਵਾਬ ਨਹੀਂ ਆਇਆ। 

ਬੈਂਕ ਨੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਕੋਚਰ ਨੇ ਵੀਡੀਓਕਾਨ ਸਮੂਹ ਨੂੰ ਕਰਜ਼ਾ ਦਿੰਦੇ ਸਮੇਂ ਹਿੱਤਾਂ ਦੇ ਟਕਰਾਅ ਅਤੇ ਖੁਲਾਸਾ ਨਿਯਮਾਂ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕੀਤਾ ਜਦੋਂਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਸਮੂਹ ਦੇ ਨਾਲ ਕਾਰੋਬਾਰੀ ਹਿੱਤ ਸਨ। ਜਾਂਚ ਰਿਪੋਰਟ ਦੇ ਆਧਾਰ 'ਤੇ ਬੈਂਕ ਨੇ ਕਿਹਾ ਸੀ,' ਕੋਚਰ ਨੇ ICICI ਬੈਂਕ ਦੀ ਆਚਾਰ ਸੰਹਿਤ ਦਾ ਉਲੰਘਣ ਕੀਤਾ ਸੀ।'