ਪਾਮ ਤੇਲ ''ਤੇ ਘਟੀ ਇੰਪੋਰਟ ਡਿਊਟੀ, ਬਾਜ਼ਾਰ ''ਚ ਜਲਦ ਮਿਲੇਗਾ ਸਸਤਾ

01/01/2019 4:30:30 PM

ਨਵੀਂ ਦਿੱਲੀ— ਭਾਰਤ ਨੇ ਦੱਖਣੀ-ਪੂਰਬੀ ਏਸ਼ੀਆਈ (ਆਸੀਆਨ) ਦੇਸ਼ਾਂ ਤੋਂ ਖਰੀਦੇ ਜਾਂਦੇ ਕੱਚੇ ਅਤੇ ਰਿਫਾਇੰਡ ਪਾਮ ਤੇਲ 'ਤੇ ਦਰਾਮਦ ਡਿਊਟੀ ਘਟਾ ਦਿੱਤੀ ਹੈ। ਹਾਲ ਹੀ 'ਚ ਉੱਥੋਂ ਦੇ ਸਪਲਾਇਰਾਂ ਨੇ ਸਰਕਾਰ ਕੋਲ ਇਹ ਮੰਗ ਰੱਖੀ ਸੀ। ਕੱਚੇ ਪਾਮ ਤੇਲ 'ਤੇ ਦਰਾਮਦ ਡਿਊਟੀ 44 ਫੀਸਦੀ ਤੋਂ ਘਟਾ ਕੇ 40 ਫੀਸਦੀ ਕਰ ਦਿੱਤੀ ਗਈ ਹੈ, ਜਦੋਂ ਕਿ ਰਿਫਾਇੰਡ 'ਤੇ ਡਿਊਟੀ 54 ਤੋਂ ਘੱਟ ਕੇ 50 ਫੀਸਦੀ ਹੋ ਗਈ ਹੈ। ਮੰਗਲਵਾਰ ਤੋਂ ਇਹ ਕਟੌਤੀ ਲਾਗੂ ਹੋ ਗਈ ਹੈ। 
ਸਰਕਾਰ ਨੇ ਇਕ ਵੱਖਰੇ ਨੋਟਿਸ 'ਚ ਕਿਹਾ ਹੈ ਕਿ ਰਿਫਾਇੰਡ ਪਾਮ ਤੇਲ ਦੀ ਮਲੇਸ਼ੀਅਨ ਸਪਲਾਈ 'ਤੇ 45 ਫੀਸਦੀ ਦੇ ਹਿਸਾਬ ਨਾਲ ਡਿਊਟੀ ਲੱਗੇਗੀ, ਜੋ ਹੁਣ ਤਕ 54 ਫੀਸਦੀ ਸੀ। ਸਰਕਾਰ ਦੇ ਇਸ ਫੈਸਲੇ ਨਾਲ ਮਲੇਸ਼ੀਆ ਤੋਂ ਹੋਣ ਵਾਲੀ ਦਰਾਮਦ 'ਚ ਤੇਜ਼ੀ ਆਉਣ ਦੇ ਆਸਾਰ ਹਨ।

ਜ਼ਿਕਰਯੋਗ ਹੈ ਕਿ ਮਾਰਚ 2018 'ਚ ਭਾਰਤ ਨੇ ਕੱਚੇ ਪਾਮ ਤੇਲ 'ਤੇ ਦਰਾਮਦ ਡਿਊਟੀ 30 ਤੋਂ ਵਧਾ ਕੇ 44 ਫੀਸਦੀ ਕਰ ਦਿੱਤੀ ਸੀ। ਉੱਥੇ ਹੀ ਰਿਫਾਇੰਡ ਪਾਮ ਤੇਲ 'ਤੇ ਡਿਊਟੀ 40 ਫੀਸਦੀ ਤੋਂ ਵਧਾ ਕੇ 54 ਫੀਸਦੀ ਕਰ ਦਿੱਤੀ ਗਈ ਸੀ। ਮੌਜੂਦਾ ਸਮੇਂ ਭਾਰਤ ਖੁਰਾਕੀ ਤੇਲ ਦੀ ਖਪਤ ਪੂਰਾ ਕਰਨ ਲਈ 70 ਫੀਸਦੀ ਦਰਾਮਦ 'ਤੇ ਨਿਰਭਰ ਹੈ, ਜਦੋਂ ਕਿ 2001/02 'ਚ ਭਾਰਤ ਸਿਰਫ 44 ਫੀਸਦੀ ਦਰਾਮਦ 'ਤੇ ਨਿਰਭਰ ਸੀ।
ਭਾਰਤ ਪ੍ਰਮੁੱਖ ਤੌਰ 'ਤੇ ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਪਾਮ ਤੇਲ ਦਰਾਮਦ ਕਰਦਾ ਹੈ। ਭਾਰਤ ਵੱਲੋਂ ਡਿਊਟੀ ਘਟਾਏ ਜਾਣ ਨਾਲ ਇਨ੍ਹਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਹਾਲਾਂਕਿ ਘਰੇਲੂ ਉਤਪਾਦਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਕੁਝ ਕਦਮ ਵੀ ਉਠਾ ਸਕਦੀ ਹੈ। ਸੂਤਰਾਂ ਮੁਤਾਬਕ, ਇੰਡੋਨੇਸ਼ੀਆ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਸ ਦੇ ਰਿਫਾਇੰਡ ਪ੍ਰਾਡਕਟਸ 'ਤੇ ਵੀ ਡਿਊਟੀ ਮਲੇਸ਼ੀਆ ਦੇ ਪ੍ਰਾਡਕਟਸ 'ਤੇ ਲੱਗਣ ਵਾਲੀ ਦਰਾਮਦ ਡਿਊਟੀ ਦੇ ਬਰਾਬਰ ਕਰ ਦਿੱਤੀ ਜਾਵੇ। ਇਸ ਦੇ ਬਦਲੇ ਇੰਡੋਨੇਸ਼ੀਆ ਨੇ ਭਾਰਤ ਤੋਂ ਖੰਡ ਅਤੇ ਚਾਵਲ ਖਰੀਦਣ ਦਾ ਭਰੋਸਾ ਦਿੱਤਾ ਸੀ।