ਇਲੈਕਟ੍ਰਿਕ ਵਾਹਨਾਂ 'ਤੇ GST ਘਟਾਉਣ 'ਤੇ ਸਰਕਾਰ ਕਰ ਰਹੀ ਵਿਚਾਰ

06/24/2019 1:29:44 PM

ਨਵੀਂ ਦਿੱਲੀ— ਸਰਕਾਰ ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਘਟਾਉਣ ਦੇ ਪੱਖ 'ਚ ਦਿਸ ਰਹੀ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਲੋਕ ਸਭਾ 'ਚ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਜਾਣਕਾਰੀ ਦਿੱਤੀ ਕਿ ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.) ਪ੍ਰੀਸ਼ਦ ਸਾਹਮਣੇ ਇਲੈਕਟ੍ਰਿਕ ਵਾਹਨਾਂ ਦੀ ਗੱਲ ਰੱਖੀ ਗਈ ਹੈ, ਜਿਸ 'ਤੇ ਉਹ ਵਿਚਾਰ ਕਰੇਗੀ।

 

 

ਭਾਜਪਾ ਸਾਂਸਦ ਵਰੁਣ ਗਾਂਧੀ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ, ''ਇਹ ਮਾਮਲਾ ਜੀ. ਐੱਸ. ਟੀ. ਪ੍ਰੀਸ਼ਦ ਅੱਗੇ ਰੱਖਿਆ ਗਿਆ ਹੈ ਅਤੇ ਇਸ 'ਤੇ ਵਿਚਾਰ ਕੀਤਾ ਜਾਵੇਗਾ। ਹੁਣ ਤਕ ਇਹ ਪ੍ਰੀਸ਼ਦ ਕੋਲ ਲੰਬਿਤ ਹੈ।'' ਠਾਕੁਰ ਨੇ ਕਿਹਾ ਕਿ ਜੀ. ਐੱਸ. ਟੀ. ਤਹਿਤ ਟੈਕਸ ਭਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ ਤੇ ਇਹ ਦਰਸਾਉਂਦੀ ਹੈ ਕਿ ਨਵੀਂ ਵਿਵਸਥਾ 'ਚ ਲੋਕਾਂ ਦਾ ਭਰੋਸਾ ਵਧਿਆ ਹੈ।
ਮੰਤਰੀ ਨੇ ਕਿਹਾ ਕਿ ਪਿਛਲੇ ਮਹੀਨੇ ਇਕ ਦਿਨ 'ਚ 21 ਲੱਖ ਰਿਟਰਨਸ ਦਾਇਰ ਹੋਏ ਹਨ ਤੇ ਜੀ. ਐੱਸ. ਟੀ. ਕੁਲੈਕਸ਼ਨ ਵੀ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ-ਮਈ 'ਚ ਜੀ. ਐੱਸ. ਟੀ. ਕੁਲੈਕਸ਼ਨ ਪਿਛਲੇ ਸਾਲ ਦੀ ਇਸੇ ਸਮੇਂ ਨਾਲੋਂ 8.5 ਫੀਸਦੀ ਵਧ ਰਿਹਾ ਸੀ।ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹੋਈ ਜੀ. ਐੱਸ. ਟੀ. ਦੀ 35ਵੀਂ ਬੈਠਕ 'ਚ ਇਲੈਕਟ੍ਰਿਕ ਵਾਹਨਾਂ 'ਤੇ ਜੀ. ਐੱਸ. ਟੀ. ਦਰਾਂ ਦੇ ਮਾਮਲੇ 'ਤੇ ਵਿਚਾਰ ਕਰਨ ਲਈ ਇਸ ਨੂੰ ਫਿਟਮੈਂਟ ਕਮੇਟੀ ਨੂੰ ਸੌਂਪਿਆ ਗਿਆ ਹੈ। ਪ੍ਰੀਸ਼ਦ ਦੀ ਅਗਲੀ ਬੈਠਕ 'ਚ ਇਸ 'ਤੇ ਵਿਚਾਰ ਹੋ ਸਕਦਾ ਹੈ।