RBI ਦੇ ਕਦਮਾਂ ਨਾਲ ਵਿਦੇਸ਼ੀ ਮੁਦਰਾ ਭੰਡਾਰ ''ਚ ਗਿਰਾਵਟ ਦੀ ਰਫ਼ਤਾਰ ਘੱਟ ਹੋਈ : ਰਿਪੋਰਟ

08/19/2022 3:36:12 PM

ਮੁੰਬਈ- ਭਾਰਤੀ ਰਿਜ਼ਰਵ ਬੈਂਕ ਦੀ ਦਖ਼ਲਅੰਦਾਜ਼ੀ ਨਾਲ ਮੁਦਰਾ ਬਾਜ਼ਾਰ 'ਚ ਉਤਾਰ ਚੜ੍ਹਾਅ ਦੌਰਾਨ ਮੁਦਰਾ ਭੰਡਾਰ ਘਟਾਉਣ ਦੀ ਦਰ 'ਚ ਕਮੀ ਆਈ ਹੈ। ਆਰ.ਬੀ.ਆਈ. ਅਧਿਕਾਰੀਆਂ ਦੇ ਅਧਿਐਨ 'ਚ ਇਹ ਕਿਹਾ ਗਿਆ ਹੈ। ਅਧਿਐਨ 'ਚ 2007 ਤੋਂ ਲੈ ਕੇ ਰੂਸ-ਯੂਕ੍ਰੇਨ ਯੁੱਧ ਕਾਰਨ ਮੌਜੂਦਾ ਸਮੇਂ 'ਚ ਉਤਪੰਨ ਉਤਾਰ-ਚੜ੍ਹਾਅ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰੀ ਬੈਂਕ ਦੀ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਦਖ਼ਲਅੰਦਾਜ਼ੀ ਦੀ ਇਕ ਘੋਸ਼ਿਤ ਨੀਤੀ ਹੈ। ਕੇਂਦਰੀ ਬੈਂਕ ਜੇਕਰ ਬਾਜ਼ਾਰ 'ਚ ਅਸਥਿਰਤਾ ਦੇਖਦਾ ਹੈ, ਤਾਂ ਦਖ਼ਲਅੰਦਾਜ਼ੀ ਕਰਦਾ ਹੈ। ਹਾਲਾਂਕਿ ਰਿਜ਼ਰਵ ਬੈਂਕ ਮੁਦਰਾ ਨੂੰ ਲੈ ਕੇ ਕਦੇ ਵੀ ਟਾਰਗੇਟ ਪੱਧਰ ਨਹੀਂ ਦਿੰਦਾ ਹੈ। 
ਆਰ.ਬੀ.ਆਈ. ਦੇ ਵਿੱਤੀ ਬਾਜ਼ਾਰ ਸੰਚਾਲਨ ਵਿਭਾਗ ਦੇ ਸੌਰਭ ਨਾਥ, ਵਿਕਰਮ ਰਾਜਪੂਤ ਅਤੇ ਗੋਪਾਲਕ੍ਰਿਸ਼ਨ ਐੱਸ ਦੇ ਅਧਿਐਨ 'ਚ ਕਿਹਾ ਗਿਆ ਹੈ ਕਿ 2008-09 ਦੇ ਵਿਸ਼ਵ ਵਿੱਤੀ ਸੰਕਟ ਦੌਰਾਨ ਭੰਡਾਰ 22 ਫੀਸਦੀ ਘੱਟ ਹੋਇਆ ਸੀ।
ਯੂਕ੍ਰੇਨ-ਰੂਸ ਯੁੱਧ ਤੋਂ ਬਾਅਦ ਪੈਦਾ ਹੋਈ ਅਸਥਿਰਤ ਦੌਰਾਨ ਇਸ 'ਚ ਸਿਰਫ ਛੇ ਫੀਸਦੀ ਦੀ ਕਮੀ ਆਈ ਹੈ। ਅਧਿਐਨ ਨੇ ਕਿਹਾ ਕਿ ਇਸ 'ਚ ਪ੍ਰਗਟ ਵਿਚਾਰ ਲੇਖਕਾਂ ਦੇ ਹਨ ਅਤੇ ਇਹ ਕੋਈ ਜ਼ਰੂਰੀ ਨਹੀਂ ਕਿ ਇਹ ਕੇਂਦਰੀ ਬੈਂਕ ਦੀ ਸੋਚ ਨਾਲ ਮੇਲ ਖਾਏ। ਰਿਜ਼ਰਵ ਬੈਂਕ ਵਿਦੇਸ਼ੀ ਮੁਦਰਾ ਭੰਡਾਰ ਨੂੰ ਲੈ ਕੇ ਆਪਣੇ ਦਖ਼ਲ ਦੇ ਉਦੇਸ਼ ਨੂੰ ਪ੍ਰਾਪਤ ਕਰਨ 'ਚ ਸਫ਼ਲ ਰਿਹਾ ਹੈ। ਇਹ ਵਿਦੇਸ਼ੀ ਮੁਦਰਾ ਭੰਡਾਰ ਦੇ ਘਟਣ ਦੀ ਘੱਟ ਦਰ ਤੋਂ ਪਤਾ ਚੱਲਦਾ ਹੈ। 
ਅਧਿਐਨ ਮੁਤਾਬਕ ਨਿਰਪੱਖ ਰੂਪ ਨਾਲ 2008-09 ਦੇ ਸੰਸਾਰਕ ਵਿੱਤੀ ਸੰਕਟ ਕਾਰਨ ਮੁਦਰਾ ਭੰਡਾਰ 'ਚ 70 ਅਰਬ ਅਮਰੀਕੀ ਡਾਲਰ ਦੀ ਗਿਰਾਵਟ ਆਈ। ਜਦਕਿ ਕੋਵਿਡ-19 ਮਿਆਦ ਦੇ ਦੌਰਾਨ ਇਸ 'ਚ 17 ਅਰਬ ਡਾਲਰ ਦੀ ਘਾਟ ਹੋਈ। ਉਧਰ ਰੂਸ-ਯੂਕ੍ਰੇਨ ਯੁੱਧ ਕਾਰਨ ਇਸ ਸਾਲ 29 ਜੁਲਾਈ ਤੱਕ 56 ਅਰਬ ਡਾਲਰ ਦੀ ਕਮੀ ਆਈ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਉਤਾਰ-ਚੜ੍ਹਾਅ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਤੱਤਾਂ 'ਚ ਵਿਆਜ ਦਰ, ਮੁਦਰਾਸਫੀਤੀ, ਸਰਕਾਰੀ ਕਰਜ਼, ਚਾਲੂ ਖਾਤੇ ਦਾ ਘਾਟਾ, ਜਿੰਸਾਂ 'ਤੇ ਨਿਰਭਰਤਾ ਰਾਜਨੀਤਿਕ ਸਥਿਰਤਾ ਦੇ ਨਾਲ-ਨਾਲ ਸੰਸਾਰਕ ਪੱਧਰ 'ਤੇ ਘਟਨਾਕ੍ਰਮ ਸ਼ਾਮਲ ਹੈ। 

Aarti dhillon

This news is Content Editor Aarti dhillon