RBI ਨੇ ਬਜ਼ਾਰ ''ਚ ਦੁਰਵਰਤੋਂ ਰੋਕਣ ਲਈ ਜਾਰੀ ਕੀਤੇ ਨਿਰਦੇਸ਼

03/16/2019 9:40:46 AM

ਮੁੰਬਈ — ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਬਜ਼ਾਰ ਹਿੱਸੇਦਾਰਾਂ ਦੁਆਰਾ ਮੁੱਲ ਸੰਵੇਦਨਸ਼ੀਲ ਸੂਚਨਾ ਦੀ ਵਿੱਤੀ ਸਾਧਨਾਂ 'ਚ ਦੁਰਵਰਤੋਂ ਨੂੰ ਰੋਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਰਿਜ਼ਰਵ ਬੈਂਕ ਨੇ ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਹੈ, ' ਬਜ਼ਾਰ ਹਿੱਸੇਦਾਰ ਭਾਵੇਂ ਉਹ ਸੁਤੰਤਰ ਰੂਪ ਨਾਲ ਕਾਰੋਬਾਰ ਕਰਦੇ ਹਨ ਜਾਂ ਭਾਈਵਾਲੀ ਨਾਲ ਕੰਮ ਕਰਦੇ ਹਨ, ਉਹ ਕਿਸੇ ਵੀ ਬੈਂਚਮਾਰਕ ਦਰ ਜਾਂ ਸੰਦਰਭ(ਰੈਫਰੈਂਸ) ਦਰ ਦੀ ਕੈਲਕੂਲੇਸ਼ਨ ਦੇ ਨਾਲ ਗੱਠਜੋੜ ਦੇ ਇਰਾਦੇ ਨਾਲ ਕੋਈ ਕਾਰਵਾਈ ਨਹੀਂ ਕਰਨਗੇ। 

ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਬਜ਼ਾਰ ਭਾਗੀਦਾਰ ਕਿਸੇ ਖਾਸ ਦਰ ਜਾਂ ਸੰਦਰਭ ਦਰ ਨੂੰ ਧਿਆਨ 'ਚ ਰੱਖਦੇ ਹੋਏ ਏਕਾਧਿਕਾਰ ਦੇ ਇਰਾਦੇ ਨਾਲ ਕੋਈ ਸੌਦਾ ਨਹੀਂ ਕਰੇਗਾ। ਰਿਜ਼ਰਵ ਬੈਂਕ ਦੇ ਇਹ ਦਿਸ਼ਾ-ਨਿਰਦੇਸ਼ ਸ਼ੁਕੱਰਵਾਰ ਤੋਂ ਲਾਗੂ ਹੋ ਗਏ ਹਨ। ਰਿਜ਼ਰਵ ਬੈਂਕ ਨੇ ਕਿਹਾ ਕਿ ਕੋਈ ਵੀ ਭਾਗੀਦਾਰ ਬਜ਼ਾਰ ਵਿਚ ਇਸ ਇਰਾਦੇ ਨਾਲ ਗੱਠਜੋੜ ਕਰਦੇ ਹੋਏ ਮਿਲਿਆ ਤਾਂ ਉਸਨੂੰ ਬਜ਼ਾਰ 'ਚ ਇਕ ਜਾਂ ਇਕ ਤੋਂ ਜ਼ਿਆਦਾ ਸਾਧਨਾਂ ਵਿਚ ਇਕ ਮਹੀਨੇ ਤੱਕ ਲਈ ਭਾਗੀਦਾਰੀ ਕਰਨ ਤੋਂ ਰੋਕਿਆ ਜਾਵੇਗਾ। ਰਿਜ਼ਰਵ ਬੈਂਕ ਨੇ ਹਾਲਾਂਕਿ ਕਿਹਾ ਹੈ ਕਿ ਉਸਦੇ ਇਹ ਨਿਰਦੇਸ਼ ਮਾਨਤਾ ਪ੍ਰਾਪਤ ਸ਼ੇਅਰ ਬਜ਼ਾਰਾਂ ਵਿਚ ਕੀਤੇ ਗਏ ਸੌਦੇ 'ਤੇ ਲਾਗੂ ਨਹੀਂ ਹੋਣਗੇ। ਇਸ ਦੇ ਨਾਲ ਹੀ ਉਸਦੇ ਨਿਰਦੇਸ਼ ਬੈਂਕ ਅਤੇ ਕੇਂਦਰ ਸਰਕਾਰ 'ਤੇ ਮੁਦਰਾ ਨੀਤੀ, ਵਿੱਤੀ ਨੀਤੀ ਅਤੇ ਹੋਰ ਜਨਤਕ ਨੀਤੀ ਉਦੇਸ਼ਾਂ ਦੇ ਪ੍ਰਚਾਰ ਲਈ ਲਾਗੂ ਨਹੀਂ ਹੋਣਗੇ।