Paytm ਨੂੰ ਵੱਡੀ ਰਾਹਤ, RBI ਨੇ ਇਸ ਦਿਨ ਤਕ ਵਧਾਈ ਪੇਮੈਂਟਸ ਬੈਂਕ ਦੀ ਡੈੱਡਲਾਈਨ

02/16/2024 8:21:49 PM

ਨਵੀਂ ਦਿੱਲੀ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਪੇਅ. ਟੀ. ਐੱਮ. ਪੇਮੈਂਟਸ ਬੈਂਕ ਨੂੰ ਸੇਵਾਵਾਂ ਜਾਰੀ ਰੱਖਣ ਲਈ 15 ਦਿਨ ਦਾ ਵਾਧੂ ਸਮਾਂ ਦਿੱਤਾ ਗਿਆ ਹੈ। ਇਸ ਦੇ ਤਹਿਤ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦ, ਵਾਲੇਟ ਅਤੇ ਫਾਸਟੈਗ ਵਿਚ ਜਮ੍ਹਾ ਜਾਂ ‘ਟੌਪ-ਅੱਪ’ ਸਵੀਕਾਰ ਨਾ ਕਰਨ ਦੇ ਹੁਕਮ ਦੀ ਆਖਰੀ ਮਿਤੀ 15 ਮਾਰਚ ਤੱਕ ਵਧਾ ਦਿੱਤੀ ਗਈ ਹੈ। 

ਆਰ. ਬੀ. ਆਈ. ਨੇ ਕਿਹਾ ਕਿ ਵਪਾਰੀਆਂ ਸਮੇਤ ਗਾਹਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ। ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ 31 ਜਨਵਰੀ ਨੂੰ ਪੇਅ. ਟੀ. ਐੱਮ. ਪੇਮੈਂਟਸ ਬੈਂਕ ਲਿਮਟਿਡ (ਪੀ. ਪੀ. ਬੀ. ਐੱਲ.) ਨੂੰ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦ, ਵਾਲੇਟ ਅਤੇ ਫਾਸਟੈਗ ਵਿਚ 29 ਫਰਵਰੀ ਤੋਂ ਬਾਅਦ ਜਮ੍ਹਾ ਜਾਂ ਟੌਪ-ਅੱਪ ਸਵੀਕਾਰ ਨਾ ਕਰਨ ਦਾ ਹੁਕਮ ਦਿੱਤਾ ਸੀ।

ਆਰ. ਬੀ. ਆਈ. ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਬੈਂਕ ‘ਸਵੀਪ-ਇਨ-ਸਵੀਪ-ਆਊਟ’ ਸਹੂਲਤ ਦੇ ਤਹਿਤ ਭਾਈਵਾਲ ਬੈਂਕਾਂ ਕੋਲ ਗਾਹਕਾਂ ਦੀ ਜਮ੍ਹਾ ਰਾਸ਼ੀ ਦੀ ਨਿਰਵਿਘਨ ਨਿਕਾਸੀ ਦੀ ਸਹੂਲਤ ਮੁਹੱਈਆ ਕਰੇਗਾ ਤਾਂ ਕਿ ਅਜਿਹੇ ਗਾਹਕਾਂ ਨੂੰ ਕੋਈ ਅਸਹੂਲਤ ਨਾ ਹੋਵੇ। ਕੇਂਦਰੀ ਬੈਂਕ ਨੇ ਨਿਯਮਾਂ ਦੀ ਲਗਾਤਾਰ ਗੈਰ-ਪਾਲਣਾ ਅਤੇ ਨਿਗਰਾਨੀ ਦੇ ਪੱਧਰ ’ਤੇ ਚਿੰਤਾ ਬਣੇ ਰਹਿਣ ’ਤੇ ਪੀ. ਪੀ. ਬੀ. ਐੱਲ. ਖਿਲਾਫ ਕਾਰਵਾਈ ਕੀਤੀ ਹੈ।

Rakesh

This news is Content Editor Rakesh