ਰੇਲਵੇ ਸਟੇਸ਼ਨਾਂ ''ਤੇ ਖੁੱਲ੍ਹਣਗੇ ਹੈਲਥ ਸੈਂਟਰ, ਮਿਲੇਗੀ ਸਸਤੀ ਦਵਾਈ

02/16/2018 1:35:55 PM

ਨਵੀਂ ਦਿੱਲੀ— ਭਾਰਤੀ ਰੇਲਵੇ ਦੇਸ਼ ਭਰ 'ਚ 7,000 ਸਟੇਸ਼ਨਾਂ 'ਤੇ ਜਨ ਔਸ਼ਧੀ ਸਟੋਰਾਂ ਦੇ ਨਾਲ ਪ੍ਰਾਈਮਰੀ ਹੈਲਥ ਕੇਅਰ ਸੈਂਟਰ ਖੋਲ੍ਹ ਸਕਦਾ ਹੈ। 2018-19 ਦੇ ਬਜਟ 'ਚ ਜਿਸ ਦੇਸ਼ ਪੱਧਰੀ ਹੈਲਥ ਕੇਅਰ ਪਲਾਨ ਦਾ ਪ੍ਰਸਤਾਵ ਰੱਖਿਆ ਗਿਆ ਹੈ, ਰੇਲਵੇ ਉਸ ਤਹਿਤ ਇਹ ਕਦਮ ਚੁੱਕੇਗਾ। ਰੇਲਵੇ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਡੇ ਕੋਲ ਪਿੰਡਾਂ ਸਮੇਤ ਦੇਸ਼ ਭਰ 'ਚ ਇਕ ਮਜ਼ਬੂਤ ਨੈੱਟਵਰਕ ਹੈ, ਜਿਸ ਦਾ ਇਸਤੇਮਾਲ ਕੇਂਦਰ ਸਰਕਾਰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਕਰ ਸਕਦਾ ਹੈ।

ਰੇਲਵੇ ਮੰਤਰਾਲੇ ਇਸ ਯੋਜਨਾ ਨੂੰ ਅਮਲੀ ਜਾਮਾ ਪਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਕੰਮ ਕਰ ਰਿਹਾ ਹੈ। ਇਸ ਤਹਿਤ ਬੇਸਿਕ ਇਲਾਜ ਸੈਂਟਰ ਖੋਲ੍ਹਣ ਲਈ ਨਿੱਜੀ ਖੇਤਰ ਨੂੰ ਵੀ ਸੱਦਾ ਦਿੱਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਸੇਵਾ-ਮੁਕਤ ਡਾਕਟਰਾਂ ਅਤੇ ਸਾਬਕਾ ਫੌਜੀ ਹਸਪਤਾਲ ਸਟਾਫ ਦੀ ਇਸ 'ਚ ਮਦਦ ਲੈਣ ਦਾ ਪ੍ਰਸਤਾਵ ਹੈ। ਇਸ ਯੋਜਨਾ ਤਹਿਤ ਰੇਲਵੇ ਦੇਸ਼ ਭਰ 'ਚ ਸਟੇਸ਼ਨਾਂ 'ਤੇ ਸੈਨਿਟਰੀ ਪੈਡ ਵੇਡਿੰਗ ਮਸ਼ੀਨਾਂ ਵੀ ਲਾਵੇਗਾ। ਰੇਲਵੇ ਮੰਤਰੀ ਪੀਯੂਸ਼ ਗੋਇਲ ਅਤੇ ਮਹਿਲਾ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਵਿਚਕਾਰ ਹਾਲੀਆ ਬੈਠਕ 'ਚ ਇਸ 'ਤੇ ਚਰਚਾ ਹੋਈ ਸੀ। ਜਨ ਔਸ਼ਧੀ ਸਟੋਰ ਖੋਲ੍ਹਣ ਲਈ ਰੇਲਵੇ ਮੰਤਰਾਲੇ ਨੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਦਵਾ ਵਿਭਾਗ ਨੂੰ ਜਗ੍ਹਾ ਦੇਣ ਦਾ ਪ੍ਰਸਤਾਵ ਰੱਖਿਆ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਜਨ-ਔਸ਼ਧੀ ਪ੍ਰਾਜੈਕਟ ਲਾਂਚ ਕੀਤਾ ਸੀ, ਜਿਸ ਦਾ ਮਕਸਦ ਖਾਸ ਸਟੋਰਾਂ ਜ਼ਰੀਏ ਘੱਟ ਕੀਮਤ 'ਚ ਦਵਾਈਆਂ ਉਪਲੱਬਧ ਕਰਾਉਣਾ ਹੈ। ਇਨ੍ਹਾਂ ਸਟੋਰਾਂ ਦਾ ਨਾਮ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਕੇਂਦਰ ਰੱਖਿਆ ਜਾਵੇਗਾ। ਰੇਲਵੇ ਮੰਤਰਾਲੇ ਕੁਲੀਆਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਘੱਟ ਕੀਮਤ 'ਚ ਸਿਹਤ ਸਹੂਲਤਾਂ ਦੇਣ ਦੀ ਇਕ ਯੋਜਨਾ 'ਤੇ ਵੀ ਕੰਮ ਕਰ ਰਿਹਾ ਹੈ। ਰੇਲਵੇ ਸਟੇਸ਼ਨਾਂ 'ਤੇ ਤਕਰੀਬਨ 20 ਹਜ਼ਾਰ ਕੁਲੀ ਕੰਮ ਕਰਦੇ ਹਨ, ਜਿਨ੍ਹਾਂ ਦੇ ਪਰਿਵਾਰ ਨੂੰ ਸਸਤੇ ਇਲਾਜ ਦੀ ਸਹੂਲਤ ਮਿਲ ਸਕੇਗੀ।