ਅਦਾਲਤ 'ਚ ਮੁਕੱਦਮਾ, ਆਈਫੋਨ 'ਤੇ ਰੋਕ ਲਾਉਣ ਦੀ ਮੰਗ

10/14/2017 8:25:35 AM

ਸੈਨ ਡਿਏਗੋ— ਅਮਰੀਕਾ ਦੀ ਦੂਰਸੰਚਾਰ ਉਪਕਰਣ ਕੰਪਨੀ ਕਵੈਲਕਮ ਦਾ ਐਪਲ ਨਾਲ ਕਾਨੂੰਨੀ ਵਿਵਾਦ ਕਾਫ਼ੀ ਵੱਧ ਗਿਆ ਹੈ।ਕਵੈਲਕਮ ਨੇ ਚੀਨ ਵਿੱਚ ਇਕ ਮੁਕੱਦਮਾ ਦਰਜ ਕਰ ਦੇਸ਼ ਵਿੱਚ ਆਈਫੋਨ ਦੇ ਨਿਰਮਾਣ ਅਤੇ ਵਿਕਰੀ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।ਦੱਸਣਯੋਗ ਹੈ ਕਿ ਚਿਪ ਮੇਕਰ ਕੰਪਨੀ ਅਤੇ ਸਮਾਰਟ ਫੋਨ ਨਿਰਮਾਤਾ ਕੰਪਨੀ ਐਪਲ ਵਿਚਕਾਰ ਜਨਵਰੀ ਤੋਂ ਹੀ ਵਿਵਾਦ ਚੱਲ ਰਿਹਾ ਹੈ।ਸੈਨ ਡਿਏਗੋ ਬੇਸਡ ਕੰਪਨੀ ਕਵੈਲਕਮ ਸਮਾਰਟਫੋਨ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰ ਵਿੱਚ ਐਪਲ ਨੂੰ ਝੱਟਕਾ ਦੇਣਾ ਚਾਹੁੰਦੀ ਹੈ।ਚੀਨ ਵਿੱਚ ਹੀ ਸਭ ਤੋਂ ਜ਼ਿਆਦਾ ਆਈਫੋਨ ਦਾ ਨਿਰਮਾਣ ਹੁੰਦਾ ਹੈ ਅਤੇ ਇੱਥੇ ਜੇਕਰ ਐਪਲ 'ਤੇ ਰੋਕ ਲੱਗੀ ਤਾਂ ਉਸ ਨੂੰ ਬਹੁਤ ਨੁਕਸਾਨ ਚੁੱਕਣਾ ਪੈ ਸਕਦਾ ਹੈ।ਆਈਫੋਨ ਨਾਲ ਹੀ ਐਪਲ ਨੂੰ ਕਰੀਬ ਦੋ-ਤਿਹਾਈ ਮਾਲੀਆ ਮਿਲਦਾ ਹੈ।ਜਾਣਕਾਰੀ ਮੁਤਾਬਕ ਕਵੈਲਕਮ ਕੰਪਨੀ ਵਲੋਂ ਬੀਜਿੰਗ ਇੰਟਲੇਕਚੁਅਲ ਪ੍ਰਾਪਰਟੀ ਕੋਰਟ ਵਿੱਚ ਮੁਕੱਦਮਾ ਦਰਜ ਕਰਕੇ ਪੇਟੇਂਟ ਉਲੰਘਣਾ ਦਾ ਇਲਜ਼ਾਮ ਲਗਾਇਆ ਹੈ। ਕੰਪਨੀ ਦੀ ਬੁਲਾਰੀ ਕ੍ਰਿਸਟਿਨ ਟ੍ਰਿਬੰਲ ਨੇ ਕਿਹਾ ਕਿ ਐਪਲ ਬਿਨਾਂ ਭੁਗਤਾਨ ਕੀਤੇ ਕਵੈਲਕਮ ਦੀ ਤਕਨੀਕ ਦਾ ਇਸਤੇਮਾਲ ਕਰ ਰਿਹਾ ਹੈ।


ਹਾਲਾਂਕਿ ਇਸ ਮਾਮਲੇ ਵਿੱਚ ਹੁਣ ਤਕ ਐਪਲ ਵਲੋਂ ਕੋਈ ਬਿਆਨ ਨਹੀਂ ਆਇਆ ਹੈ।ਕਵੈਲਕਮ ਦਾ ਮੁਕੱਦਮਾ ਤਿੰਨ ਨਾਨ ਸਟੈਂਡਰਡ ਪੇਟੇਂਟਸ 'ਤੇ ਆਧਾਰਿਤ ਹੈ।ਕੰਪਨੀ ਦਾ ਦਾਅਵਾ ਹੈ ਕਿ ਉਸ ਦੇ ਪਾਵਰ ਮੈਨੇਜਮੇਂਟ ਅਤੇ ਟਚ-ਸਕਰੀਨ ਤਕਨਾਲੋਜੀ ਜਿਸ ਨੂੰ ਫੋਰਸ ਟਚ ਕਿਹਾ ਜਾਂਦਾ ਹੈ, ਨੂੰ ਐਪਲ ਆਪਣੇ ਮੌਜੂਦਾ ਆਈਫੋਨਜ਼ ਵਿੱਚ ਇਸਤੇਮਾਲ ਕਰ ਰਿਹਾ ਹੈ।ਇਹੀ ਨਹੀ, ਕਵੈਲਕਮ ਦਾ ਦਾਅਵਾ ਹੈ ਕਿ ਕਈ ਅਜਿਹੇ ਉਦਾਹਰਣ ਹਨ, ਜਿਸ ਨਾਲ ਸਾਫ਼ ਹੈ ਕਿ ਐਪਲ ਆਪਣੀ ਡਿਵਾਇਸ ਵਿੱਚ ਸੁਧਾਰ ਅਤੇ ਮੁਨਾਫਾ ਵਧਾਉਣ ਲਈ ਸਾਡੀ ਤਕਨੀਕ ਦਾ ਇਸਤੇਮਾਲ ਕਰ ਰਿਹਾ ਹੈ। ਮੁਕੱਦਮਾ 29 ਸਤੰਬਰ ਨੂੰ ਬੀਜਿੰਗ ਕੋਰਟ ਵਿੱਚ ਦਰਜ ਕੀਤਾ ਗਿਆ।ਹਾਲਾਂਕਿ ਕੋਰਟ ਨੇ ਇਸ ਨੂੰ ਜਨਤਕ ਨਹੀਂ ਕੀਤਾ ਹੈ ।