ਪੰਜਾਬ ''ਚ ਇਕ ਹੋਰ ਨਵਾਂ ਘਪਲਾ : ਮਰੇ ਹੋਏ ਲੋਕਾਂ ਦੇ ਨਾਮ ''ਤੇ ਵੰਡਿਆ ਜਾ ਰਿਹੈ ਅਨਾਜ

05/25/2016 10:47:34 AM

ਚੰਡੀਗੜ੍ਹ— ਪਹਿਲਾਂ ਤਾਂ ਪੰਜਾਬ ਦੇ ਗੋਦਾਮਾਂ ''ਚੋਂ 12000 ਕਰੋੜ ਦਾ ਅਨਾਜ ਗਾਇਬ ਹੋ ਗਿਆ। ਉਹ ਮਾਮਲਾ ਅਜੇ ਤੱਕ ਸੁਲਝਿਆ ਨਹੀਂ ਕਿ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਜਿਸ ''ਚ ਪੰਜਾਬ ''ਚ ਵੰਡਿਆ ਜਾਣ ਵਾਲਾ ਅਨਾਜ ਅਜਿਹੇ ਲੋਕਾਂ ਦੇ ਖਾਤਿਆਂ ''ਚ ਦਿਖਾਇਆ ਜਾ ਰਿਹਾ ਹੈ, ਜਿਹੜੇ ਜਾਂ ਤਾਂ ਮਰ ਚੁੱਕੇ ਹਨ ਜਾਂ ਫਿਰ ਉਨ੍ਹਾਂ ਦਾ ਕੋਈ ਟਿਕਾਣਾ ਹੀ ਨਹੀਂ ਹੈ। ਪੰਜਾਬ ਦੇ ਕਈ ਪਿੰਡਾਂ ''ਚ ਵੰਡੇ ਜਾਣ ਵਾਲੇ ਅਨਾਜ ਦਾ ਨਵਾਂ ਘਪਲਾ ਸਾਹਮਣੇ ਆਇਆ ਹੈ। ਵਿਰੋਧੀ ਦਲ ਗਰੀਬਾਂ ਨੂੰ ਸਬਸਿਡੀ ਦੇ ਨਾਮ ''ਤੇ ਵੰਡੇ ਜਾ ਰਹੇ ਅਨਾਜ ਦੀ ਸੀ ਬੀ ਆਈ ਜਾਂਚ ਦੀ ਮੰਗ ਕਰ ਰਹੇ ਹਨ। 

ਵਿਰੋਧੀ ਦਲਾਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਉਹ ਗਰੀਬਾਂ ਲਈ ਕੰਮ ਕਰੀ ਹੈ ਪਰ ਦੂਜੇ ਪਾਸੇ ਪੰਜਾਬ ''ਚ ਅਜਿਹੇ ਕਈ ਗਰੀਬ ਪਰਿਵਾਰ ਮੌਜੂਦ ਹਨ, ਜਿਨ੍ਹਾਂ ਨੂੰ ਰਾਸ਼ਨ ਕਾਰਡ ਹੋਣ ਦੇ ਬਾਵਜੂਦ ਪਿਛਲੇ 6 ਸਾਲਾਂ ਤੋਂ ਅਨਾਜ ਨਹੀਂ ਮਿਲ ਰਿਹਾ ਹੈ। 

ਪੰਜਾਬ ਦੇ ਕਈ ਪਿੰਡਾਂ ''ਚ ਜਨਤਕ ਵੰਡ ਪ੍ਰਣਾਲੀ ''ਚ ਕਈ ਘਪਲੇ ਦੇਖੇ ਗਏ। ਖੁਰਾਕ ਅਤੇ ਨਾਗਰਿਕ ਵੰਡ ਵਿਭਾਗ ਦੀ ਵੈੱਬਸਾਈਟ ''ਤੇ ਜਿਨ੍ਹਾਂ ਲੋਕਾਂ ਨੂੰ ਲਾਭ ਪਾਤਰ ਦੱਸਿਆ ਗਿਆ ਹੈ, ਉਨ੍ਹਾਂ ''ਚ ਬਹੁਤ ਸਾਰੇ ਨਾਮ ਫਰਜ਼ੀ ਹਨ। ਕਈ ਨਾਮ ਤਾਂ ਅਜਿਹੇ ਲੋਕਾਂ ਦੇ ਹਨ, ਜਿਹੜੇ ਮਰ ਚੁੱਕੇ ਹਨ। 

ਸੰਗਰੂਰ ਦੇ ਇਕ ਪਿੰਡ ''ਚ ਤਾਂ 6 ਸਾਲ ਪਹਿਲਾਂ ਮਰ ਚੁੱਕੇ ਭੋਲਾ ਸਿੰਘ ਦਾ ਪਰਿਵਾਰ ਵੀ ਠੱਗਿਆ ਗਿਆ ਹੈ। ਸੂਚੀ ਮੁਤਾਬਕ, ''''ਇਨ੍ਹਾਂ ਦੇ 5 ਲੋਕਾਂ ਦੇ ਨਾਮ ''ਤੇ ਰਾਸ਼ਨ ਆ ਰਿਹਾ ਹੈ ਪਰ ਇਨ੍ਹਾਂ ਨੂੰ ਨਹੀਂ ਮਿਲਦਾ।'''' ਬਲਦੇਵ ਸਿੰਘ ਦਾ ਦਿਮਾਗੀ ਸੰਤੁਲਨ ਠੀਕ ਨਹੀਂ, ਰੋਟੀ ਪਿੰਡ ਦੇ ਗੁਰਦੁਆਰੇ ਤੋਂ ਮਿਲਦੀ ਹੈ। ਪਰ ਇਨ੍ਹਾਂ ਦੇ ਨਾਮ ''ਤੇ 5 ਰਾਸ਼ਨ ਕਾਰਡ ਚੱਲ ਰਹੇ ਹਨ। ਜਨਤਕ ਵੰਡ ਪ੍ਰਣਾਲੀ (ਪੀ ਡੀ ਐੱਸ) ਤਹਿਤ ਬਾਦਲ ਸਰਕਾਰ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਦੇ ਹਰੇਕ ਮੈਂਬਰ ਨੂੰ ਇਕ ਮਹੀਨੇ ''ਚ 5 ਕਿਲੋ ਅਨਾਜ ਦਿੰਦੀ ਹੈ। ਇਸ ਸਬਸਿਡੀ ''ਤੇ ਸਰਕਾਰ ਸਾਲਾਨਾ 400 ਕਰੋੜ ਰੁਪਏ ਖਰਚ ਕਰ ਰਹੀ ਹੈ। ਵਿਭਾਗ ਦੇ ਮੰਤਰੀ ਆਦੇਸ਼ ਪ੍ਰਤਾਪ ਸਿੰਘ ਨੇ ਕਿਹਾ ਕਿ ਅਸੀਂ ਰਾਸ਼ਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜ ਰਹੇ ਹਾਂ ਤਾਂ ਕਿ ਅਨਾਜ ਵੰਡਣ ''ਚ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋ ਸਕੇ।