ਪੁਲਵਾਮਾ : ਏਸ਼ੀਅਨ ਟ੍ਰੇਡ ਵਾਰ ਸ਼ੁਰੂ!

02/16/2019 10:56:16 AM

ਨਵੀਂ ਦਿੱਲੀ - ਭਾਵੇਂ ਭਾਰਤ ਦੇ ਕੁਲ ਕੌਮਾਂਤਰੀ ਵਪਾਰ ਵਿਚ ਪਾਕਿਸਤਾਨ ਦਾ ਹਿੱਸਾ ਕਾਫ਼ੀ ਘੱਟ ਹੈ ਪਰ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖਤਮ ਕਰਦਿਆਂ ਹੀ ਭਾਰਤ ਸਰਕਾਰ ਵਲੋਂ ਏਸ਼ੀਆ ਵਿਚ ਸਭ ਤੋਂ ਵੱਡੇ ਟ੍ਰੇਡ ਵਾਰ ਦੀ ਸ਼ੁਰੂਆਤ ਹੋ ਗਈ ਹੈ ਕਿਉਂਕਿ ਜਿਸ ਤਰ੍ਹਾਂ ਭਾਰਤ ਦੇ ਇਸ ਕਦਮ ਨਾਲ ਚੀਨ ਅਤੇ ਬਾਕੀ ਦੇਸ਼ਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ ਹਨ, ਉਸ ਤੋਂ ਅਜਿਹਾ ਹੀ ਲੱਗ ਰਿਹਾ ਹੈ। ਦਰਜਾ ਖਤਮ ਕਰਨ ਨਾਲ ਏਸ਼ੀਆਈ ਹੀ ਨਹੀਂ, ਸਗੋਂ ਅਮਰੀਕਾ ਅਤੇ ਯੂਰਪ ਦੀਆਂ ਅਰਥਵਿਵਸਥਾਵਾਂ ਵੀ ਵੱਖ-ਵੱਖ ਵਿਖਾਈ ਦੇ ਰਹੀਆਂ ਹਨ, ਜਿਸ ਦਾ ਅਸਰ ਪੂਰੇ ਏਸ਼ੀਆ ਦੀ ਇਕਾਨਮੀ ਵਿਚ ਦੇਖਣ ਨੂੰ ਮਿਲ ਸਕਦਾ ਹੈ। ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਪਾਰ ਖਤਮ ਹੋਣ ਨਾਲ ਏਸ਼ੀਆ ਦੇ ਬਾਕੀ ਦੇਸ਼ਾਂ ’ਚ ਇਸ ਦਾ ਅਸਰ ਸਾਫ਼ ਵਿਖਾਈ ਦੇਵੇਗਾ। ਭਾਰਤ ਦੇ ਸਮਰਥਨ ਵਾਲੇ ਦੇਸ਼ ਵੀ ਪਾਕਿਸਤਾਨ  ਨਾਲ ਹੋਣ ਵਾਲੇ ਵਪਾਰ ਤੋਂ ਹੱਥ ਖਿੱਚ ਸਕਦੇ ਹਨ।

ਆਰਥਿਕ ਮੋਰਚੇ ’ਤੇ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਭਾਰਤ ਦੇ ਕਦਮ ਨਾਲ ਹੁਣ ਸਬਜ਼ੀਆਂ ਤੇ ਦਵਾਈਆਂ ਲਈ ਵੀ ਤਰਸ ਜਾਵੇਗਾ। ਪਾਕਿਸਤਾਨ ਰੋਜ਼ਾਨਾ ਵਰਤੋਂ ਦੀਆਂ ਜਿਨ੍ਹਾਂ ਚੀਜ਼ਾਂ ਲਈ ਭਾਰਤ ’ਤੇ ਨਿਰਭਰ ਹੈ, ਉਹ ਮਹਿੰਗੀਆਂ ਹੋ ਜਾਣਗੀਆਂ। ਇਹੀ ਨਹੀਂ ਪੈਰਾਸਿਟਾਮੋਲ ਵਰਗੀਆਂ ਦਵਾਈਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ।

ਇੰਨਾ ਹੁੰਦਾ ਹੈ ਭਾਰਤ-ਪਾਕਿ ਦਰਮਿਆਨ ਵਪਾਰ

ਐਸੋਚੈਮ ਦੀ ਰਿਪੋਰਟ ਦੀ ਮੰਨੀਏ ਤਾਂ ਸਾਲ 2015-16 ਵਿਚ ਭਾਰਤ ਦਾ ਕੁਲ ਵਪਾਰ 641 ਅਰਬ ਡਾਲਰ ਰਿਹਾ ਹੈ। ਉਥੇ ਹੀ ਪਾਕਿਸਤਾਨ ਦੇ ਨਾਲ ਵਪਾਰ ਸਿਰਫ 2.67 ਅਰਬ ਡਾਲਰ ਰਿਹਾ। ਪਾਕਿਸਤਾਨ ਨੂੰ ਭਾਰਤ ਦਾ ਐਕਸਪੋਰਟ ਸਿਰਫ 2.17 ਅਰਬ ਡਾਲਰ ਰਿਹਾ। ਭਾਰਤ ਦੇ ਕੁਲ ਐਕਸਪੋਰਟ ਵਿਚ ਇਹ ਸਿਰਫ 0.83 ਫ਼ੀਸਦੀ ਹੈ। ਉਥੇ ਹੀ ਪਾਕਿਸਤਾਨ ਤੋਂ ਭਾਰਤ ਦਾ ਇੰਪੋਰਟ 50 ਕਰੋੜ ਡਾਲਰ ਨਾਲੋਂ ਵੀ ਘੱਟ ਹੈ। ਇਹ ਭਾਰਤ ਦੇ ਕੁਲ ਇੰਪੋਰਟ ਦਾ 0.13 ਫ਼ੀਸਦੀ ਹੈ।

ਖਤਮ ਹੋ ਜਾਵੇਗਾ ਵਪਾਰ

ਜਿਸ ਤਰ੍ਹਾਂ ਅਮਰੀਕਾ ਅਤੇ ਚੀਨ ਵਿਚਾਲੇ ਗਲੋਬਲ ਟ੍ਰੇਡ ਵਾਰ ਚੱਲ ਰਹੀ ਹੈ, ਉਸੇ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਟ੍ਰੇਡ ਵਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਭਾਰਤ ਨੇ ਪਾਕਿਸਤਾਨ ਤੋਂ ਮੋਸਟ ਫੇਵਰਡ ਨੇਸ਼ਨ ਦਾ ਦਰਜਾ ਖੋਹ ਲਿਆ ਹੈ। ਇਹ ਗੱਲ ਵੱਖ ਹੈ ਕਿ ਪਾਕਿਸਤਾਨ ਵਲੋਂ ਭਾਰਤ ਨੂੰ ਇਹ ਦਰਜਾ ਕਦੇ ਨਹੀਂ ਦਿੱਤਾ ਗਿਆ। ਹੁਣ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਏ ਸਾਰੇ ਵਪਾਰਕ ਸਮਝੌਤੇ ਖਤਮ ਹੋ ਸਕਦੇ ਹਨ। ਨਾਲ ਹੀ ਭਾਰਤ ਵਲੋਂ ਕੀਤਾ ਜਾਣ ਵਾਲਾ ਐਕਸਪੋਰਟ ਅਤੇ ਪਾਕਿਸਤਾਨ ਤੋਂ ਹੋਣ ਵਾਲਾ ਇੰਪੋਰਟ ਵੀ ਖਤਮ ਹੋ ਜਾਵੇਗਾ।

ਇਨ੍ਹਾਂ ਵਸਤਾਂ ਦਾ ਹੁੰਦੈ ਇੰਪੋਰਟ-ਐਕਸਪੋਰਟ

ਭਾਰਤ ਅਤੇ ਪਾਕਿਸਤਾਨ  ਵਿਚਾਲੇ ਸੀਮੈਂਟ, ਖੰਡ, ਆਰਗੈਨਿਕ ਕੈਮੀਕਲ, ਕਾਟਨ, ਫਿਲਾਮੈਂਟ, ਸਬਜ਼ੀ, ਡਰਾਈ ਫਰੂਟ, ਮਿਨਰਲ ਫਿਊਲ, ਮਿਨਰਲ ਆਇਲ, ਲੂਣ, ਸਟੋਨ, ਸਟੀਲ ਦਾ ਪ੍ਰਮੁੱਖਤਾ ਨਾਲ ਵਪਾਰ ਹੁੰਦਾ ਹੈ। ਪਾਕਿਸਤਾਨ ਭਾਰਤ ਤੋਂ 1000 ਦੇ ਕਰੀਬ ਕਮੋਡਿਟੀ ਦਾ ਇੰਪੋਰਟ ਕਰਦਾ ਹੈ, ਜਦੋਂ ਕਿ ਭਾਰਤ ਪਾਕਿਸਤਾਨ ਤੋਂ 600 ਕਮੋਡਿਟੀ ਇੰਪੋਰਟ ਕਰਦਾ ਹੈ।

ਨਿਵੇਸ਼ ’ਤੇ ਪੈ ਸਕਦੈ ਅਸਰ

ਹੁਣ ਇਸਦਾ ਅਸਰ ਭਾਰਤ ਅਤੇ ਪਾਕਿਸਤਾਨ ਦੇ ਮਿੱਤਰ ਦੇਸ਼ਾਂ ਦਰਮਿਆਨ ਦੇਖਣ ਨੂੰ ਮਿਲ ਸਕਦਾ ਹੈ। ਹਾਲ ਹੀ ਵਿਚ ਯੂ. ਏ. ਈ. ਪਾਕਿਸਤਾਨ ਦੀ ਮਦਦ ਨੂੰ ਅੱਗੇ ਆਇਆ ਹੈ। ਉਥੇ ਹੀ ਬੀਤੇ ਦਿਨੀਂ ਪਾਕਿਸਤਾਨ ਵਿਚ ਸਾਊਦੀ ਅਰਬ ਕਿੰਗ ਸਲਮਾਨ ਨੇ ਦੌਰਾ ਕੀਤਾ। ਹੁਣ ਉਨ੍ਹਾਂ ਨੇ ਭਾਰਤ ਦਾ ਵੀ ਦੌਰਾ ਕਰਨਾ ਹੈ। ਪਾਕਿਸਤਾਨ ਆਈ. ਐੱਮ. ਐੱਫ. ਤੋਂ ਮਦਦ ਦੀ ਗੁਹਾਰ ਲਾ ਰਿਹਾ ਹੈ ਪਰ ਭਾਰਤ ਵਲੋਂ ਮੋਸਡ ਫੇਵਰਡ ਨੇਸ਼ਨ ਦਾ ਦਰਜਾ ਖੋਹਣ ਅਤੇ ਸਪਾਂਸਰ ਅੱਤਵਾਦ ਫੈਲਾਉਣ ਨਾਲ ਉਸ ਦੇ ਇੱਥੇ ਆਉਣ ਵਾਲੇ ਨਿਵੇਸ਼ ’ਤੇ ਅਸਰ ਪੈ ਸਕਦਾ ਹੈ। ਉਥੇ ਹੀ ਦੂਜੇ ਪਾਸੇ ਚੀਨ ਜਿਸ ਤਰ੍ਹਾਂ ਨਾਲ ਪਾਕਿਸਤਾਨ ਦੀ ਖੁੱਲ੍ਹ ਕੇ ਮਦਦ ਕਰਦਾ ਰਿਹਾ ਹੈ, ਉਸ ਨਾਲ ਭਾਰਤ ਨੂੰ ਦਬਾਉਣ ਦਾ ਚੀਨ ਨੂੰ ਹੋਰ ਮੌਕਾ ਮਿਲੇਗਾ। ਅਨੁਜ ਗੁਪਤਾ ਨੇ ਕਿਹਾ ਕਿ ਏਸ਼ੀਆ ਦੇ ਕਈ ਅਜਿਹੇ ਦੇਸ਼ ਹਨ ਜੋ ਭਾਰਤ ਦੇ ਨਾਲ ਹਮੇਸ਼ਾ ਖੜ੍ਹੇ ਵਿਖਾਈ ਦਿੰਦੇ ਹਨ। ਭਾਰਤ ਦੇ ਨਾਲ ਹੁਣ ਉਹ ਵੀ ਪਾਕਿਸਤਾਨ ਦੇ ਨਾਲ ਵਪਾਰਕ ਸਬੰਧ ਖਤਮ ਕਰ ਸਕਦੇ ਹਨ।