ਤਿਉਹਾਰਾਂ ਤੋਂ ਪਹਿਲਾਂ ਮਹਿੰਗੀਆਂ ਹੋਣ ਲੱਗੀਆਂ ਦਾਲਾਂ, ਸਬਜ਼ੀਆਂ ਅਤੇ ਸਰ੍ਹੋਂ ਦਾ ਤੇਲ

10/14/2020 9:00:20 PM

ਨਵੀਂ ਦਿੱਲੀ– ਕੋਰੋਨਾ ਸੰਕਟ ਦਰਮਿਆਨ ਜ਼ਰੂਰੀ ਸਾਮਾਨਾਂ ਦੀ ਵਧਦੀ ਕੀਮਤ ਨਾਲ ਤਿਉਹਾਰਾਂ ਦਾ ਮਜ਼ਾ ਫਿੱਕਾ ਹੋ ਸਕਦਾ ਹੈ। ਹਾਲ ਹੀ ਦੇ ਦਿਨਾਂ ’ਚ ਸਬਜ਼ੀਆਂ, ਦਾਲਾਂ, ਖਾਣੇ ਵਾਲੇ ਤੇਲ ਆਦਿ ਦੀਆਂ ਕੀਮਤਾਂ ਇਕ ਦਮ ਵਧ ਗਈਆਂ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਦੁਰਗਾ ਪੂਜਾ ਨੂੰ ਲੈ ਕੇ ਫਲਾਂ ਦੀ ਕੀਮਤ ’ਚ ਵੀ ਵੱਡਾ ਉਛਾਲ ਆਉਣ ਦਾ ਖਦਸ਼ਾ ਹੈ।
ਕਾਰੋਬਾਰੀਆਂ ਮੁਤਾਬਕ ਹਾਲੇ ਸਬਜ਼ੀਆਂ, ਖਾਣ ਵਾਲੇ ਤੇਲ ਅਤੇ ਦਾਲਾਂ ਦੀਆਂ ਕੀਮਤਾਂ ਘੱਟ ਹੋਣ ਦੀ ਫਿਲਹਾਲ ਕੋਈ ਉਮੀਦ ਨਹੀਂ ਹੈ। ਇਸ ਦਾ ਕਾਰਣ ਅਨਲਾਕ-5 ਲਾਗੂ ਹੋਣ ਤੋਂ ਬਾਅਦ ਇਕ ਦਮ ਮੰਗ ਅਤੇ ਸਪਲਾਈ ਦਰਮਿਆਨ ਵੱਡਾ ਅੰਤਰ ਆਉਣਾ ਹੈ। ਤਿਉਹਾਰੀ ਮੌਸਮ ’ਚ ਮੰਗ ਹੋਰ ਵਧਣ ਨਾਲ ਕੀਮਤ ’ਚ ਹੋਰ ਤੇਜ਼ੀ ਆਉਣ ਦੀ ਪੂਰੀ ਸੰਭਾਵਨਾ ਹੈ।

ਅਰਹਰ 100 ਰੁਪਏ ਤੋਂ ਪਾਰ
ਹਰੀਆਂ ਸਬਜ਼ੀਆਂ, ਆਲੂ, ਪਿਆਜ਼, ਟਮਾਟਰ, ਸਰ੍ਹੋਂ ਦੇ ਤੇਲ ਨਾਲ ਦਾਲਾਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਥੋਕ ਬਾਜ਼ਾਰ ’ਚ ਅਰਹਰ ਦਾਲ ਦੀ ਕੀਮਤ 100 ਰੁਪਏ ਤੋਂ ਪਾਰ 115 ਰੁਪਏ ਕਿਲੋ ’ਤੇ ਪਹੁੰਚ ਚੁੱਕੀ ਹੈ। ਦਿੱਲੀ ਸਮੇਤ ਕਈ ਵੱਡੇ ਸ਼ਹਿਰਾਂ ’ਚ ਦਾਲਾਂ ਦੀਆਂ ਕੀਮਤਾਂ ’ਚ 15 ਤੋਂ 20 ਰੁਪਏ ਤੱਕ ਵਾਧਾ ਹੋਇਆ ਹੈ। ਪਿਛਲੇ ਮਹੀਨੇ ਤੋਂ ਅਰਹਰ ਦੀ ਦਾਲ ’ਚ 20 ਫੀਸਦੀ ਦਾ ਉਛਾਲ ਆਇਆ ਹੈ। ਅਰਹਰ ਤੋਂ ਇਲਾਵਾ ਮੂੰਗੀ ਅਤੇ ਮਾਹ ਦੀ ਦਾਲ ਵੀ 10 ਫੀਸਦੀ ਤੱਕ ਮਹਿੰਗੀ ਹੋ ਚੁੱਕੀ ਹੈ।

ਕੀਮਤਾਂ ਹੋਰ ਵਧਣ ਦਾ ਖਦਸ਼ਾ
ਆਜ਼ਾਦਪੁਰ ਮੰਡੀ ਆਲੂ-ਪਿਆਜ਼ ਵਪਾਰੀ ਸੰਗਠਨ (ਪੋਮਾ) ਦੇ ਜਨਰਲ ਸੈਕਟਰੀ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਫਿਲਹਾਲ ਮੰਡੀ ’ਚ ਪਿਆਜ਼ 25 ਤੋਂ 40 ਰੁਪਏ, ਆਲੂ 28 ਤੋਂ 40 ਰੁਪਏ ਅਤੇ ਟਮਾਟਰ 35 ਤੋਂ 40 ਰੁਪਏ ਦਰਮਿਆਨ ਉਪਲੱਬਧ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ ਦੇ ਦਿਨਾਂ ’ਚ ਆਲੂ, ਪਿਆਜ਼ ਅਤੇ ਟਮਾਟਰ ਦੀ ਕੀਮਤ ਤੇਜ਼ੀ ਨਾਲ ਵਧੀ ਅਤੇ ਇਹ ਤੇਜ਼ੀ ਤਿਉਹਾਰੀ ਮੌਸਮ ਤੱਕ ਜਾਰੀ ਰਹਿ ਸਕਦੀ ਹੈ। ਹਾਲਾਂਕਿ ਇਥੋਂ ਬਹੁਤ ਵੱਡਾ ਉਛਾਲ ਆਉਣ ਦੀ ਉਮੀਦ ਨਹੀਂ ਹੈ ਕਿਉਂਕਿ ਅਨਲਾਕ-5 ਦੇ ਨਾਲ ਮੰਡੀਆਂ ’ਚ ਸਪਲਾਈ ਵਧ ਰਹੀ ਹੈ। ਇਸ ਨਾਲ ਕੀਮਤ ’ਤੇ ਲਗਾਮ ਲਗਣ ’ਚ ਮਦਦ ਮਿਲੇਗੀ।

ਥੋਕ ਅਤੇ ਪ੍ਰਚੂਨ ਮੁੱਲ ’ਚ ਦੁੱਗਣਾ ਫਰਕ
ਮੰਡੀ ਤੋਂ ਪ੍ਰਚੂਨ ਬਾਜ਼ਾਰ ’ਚ ਆਉਂਦੇ-ਆਉਂਦੇ ਇਨ੍ਹਾਂ ਦੇ ਰੇਟ ’ਚ ਦੁੱਗਣਾ ਫਰਕ ਦੇਖਣ ਨੂੰ ਮਿਲ ਰਿਹਾ ਹੈ। ਪ੍ਰਚੂਨ ’ਚ ਆਲੂ ਹਾਲੇ 40 ਤੋਂ 50 ਰੁਪਏ ਪ੍ਰਤੀ ਕਿਲੋ ਚੱਲ ਰਿਹਾ ਹੈ। ਉਥੇ ਹੀ ਖਾਸ ਕਿਸਮ ਦੇ ਆਲੂ ਦਾ ਪ੍ਰਚੂਨ ਰੇਟ 60 ਰੁਪਏ ਤੱਕ ਵੀ ਹੈ। ਪਿਆਜ਼ ਦੀ ਕੀਮਤ ਇਸ ਸਮੇਂ ਪ੍ਰਚੂਨ ’ਚ 60 ਰੁਪਏ ਕਿਲੋ ਹੈ। ਉੱਥੇ ਹੀ ਟਮਾਟਰ ਦੀ ਗੱਲ ਕੀਤੀ ਜਾਏ ਤਾਂ 80 ਰੁਪਏ ਤੱਕ ਮਿਲਣ ਵਾਲਾ ਟਮਾਟਰ ਇਸ ਸਮੇਂ 50 ਤੋਂ 60 ਰੁਪਏ ’ਚ ਮਿਲ ਰਿਹਾ ਹੈ।
 

Sanjeev

This news is Content Editor Sanjeev