ਪੰਜਾਬੀ ਭਾਸ਼ਾ ਦੇ ਚੈਨਲਾਂ ਲਈ ਹੋਰ ਵੱਡੀ ਚੁਣੌਤੀ ਬਣੇਗਾ PTC ਨੈੱਟਵਰਕ, ਲਾਂਚ ਹੋਣਗੇ ਨਵੇਂ ਚੈਨਲ

02/15/2019 12:35:47 PM

ਜਲੰਧਰ - ਪੰਜਾਬ ਵਿਚ ਪਹਿਲਾਂ ਤੋਂ ਸਥਾਪਤ ਪੰਜਾਬੀ ਦੇ ਸਾਰੇ ਚੈਨਲਾਂ ਲਈ ਪੀ. ਟੀ. ਸੀ. ਨੈੱਟਵਰਕ ਇਕ ਵੱਡੀ ਚੁਣੌਤੀ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਪੀ. ਟੀ. ਸੀ. ਵਲੋਂ ਪੰਜਾਬੀ ਦੇ ਤਿੰਨ ਨਵੇਂ ਚੈਨਲਾਂ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਚੈਨਲਾਂ ਦੇ ਲਾਂਚ ਹੋਣ ਮਗਰੋਂ ਪੰਜਾਬ ਵਿਚ ਹੋਰ ਸਾਰੇ ਮਿਊਜ਼ਿਕ, ਡਿਵੋਸ਼ਨਲ ਅਤੇ ਫਿਲਮੀ ਚੈਨਲਾਂ ਲਈ ਪੀ. ਟੀ. ਸੀ. ਦੀ ਟੀ. ਆਰ. ਪੀ. ਦੇ ਬਰਾਬਰ ਪੁੱਜਣਾ ਦੂਰ ਦੀ ਕੌਡੀ ਹੋ ਸਕਦੀ ਹੈ। ਹਾਲਾਂਕਿ ਮੁਕੇਸ਼ ਅੰਬਾਨੀ ਸਮੂਹ ਦਾ ਨਿਊਜ਼ ਚੈਨਲ ਨਿਊਜ਼-18 ਪੰਜਾਬ, ਹਰਿਆਣਾ, ਹਿਮਾਚਲ ਇਨ੍ਹੀਂ ਦਿਨੀਂ ਪੰਜਾਬ ਵਿਚ ਚੰਗੀ ਟੀ. ਆਰ. ਪੀ. ਬਟੋਰ ਰਿਹਾ ਹੈ ਪਰ ਪੀ. ਟੀ. ਸੀ. ਦੇ ਨਵੇਂ ਚੈਨਲਾਂ ਤੋਂ ਬਾਅਦ ਪੀ. ਟੀ. ਸੀ. ਦੇ ਅੰਬਰੇਲਾ ਤਹਿਤ ਇੰਨੇ ਪੰਜਾਬੀ ਚੈਨਲ ਹੋ ਜਾਣਗੇ ਕਿ ਹੋਰ ਵੱਡੇ ਸਮੂਹਾਂ ਦਾ ਪੀ. ਟੀ. ਸੀ. ਦੇ ਆਲੇ-ਦੁਆਲੇ ਪੁੱਜਣਾ ਵੀ ਮੁਸ਼ਕਿਲ ਹੋਵੇਗਾ। ‘ਜਗ ਬਾਣੀ’ ਨੇ ਇਨ੍ਹਾਂ ਚੈਨਲਾਂ ਦੀ ਲਾਂਚਿੰਗ ਨੂੰ ਲੈ ਕੇ ਪੀ. ਟੀ. ਸੀ. ਨੈੱਟਵਰਕ ਦੇ ਐੱਮ. ਡੀ. ਰਬਿੰਦਰ ਨਾਰਾਇਣ ਨਾਲ ਗੱਲਬਾਤ ਕੀਤੀ। ਪੇਸ਼ ਹੈ ਪੂਰੀ ਗੱਲਬਾਤ :

ਸਵਾਲ : ਕੀ ਪੰਜਾਬ ਵਿਚ ਟੀ. ਆਰ. ਪੀ. ਦੀ ਜੰਗ ਕਾਰਨ ਨਵੇਂ ਚੈਨਲ ਲਾਂਚ ਕੀਤੇ ਜਾ ਰਹੇ ਹਨ?

ਜਵਾਬ : ਟੀ. ਆਰ. ਪੀ. ਵਿਚ ਪੀ. ਟੀ. ਸੀ. ਦੇ ਮੁਕਾਬਲੇ ਪਹਿਲਾਂ ਵੀ ਕੋਈ ਚੈਨਲ ਨਹੀਂ ਹੈ। ਪਿਟਾਰਾ, ਟਸ਼ਨ ਅਤੇ ਹੋਰ ਚੈਨਲਾਂ ਦੀ ਕੁਲ ਟੀ. ਆਰ. ਪੀ. ਮਿਲਾ ਕੇ ਵੀ ਪੀ. ਟੀ. ਸੀ. ਨੈੱਟਵਰਕ ਦੀ ਟੀ. ਆਰ. ਪੀ. ਦਾ ਮੁਕਾਬਲਾ ਨਹੀਂ ਕਰ ਸਕਦੀ। ਲਿਹਾਜ਼ਾ ਨਵੇਂ ਚੈਨਲਸ ਦੀ ਲਾਂਚਿੰਗ ਨੂੰ ਟੀ. ਆਰ. ਪੀ. ਦੇ ਨਜ਼ਰੀਏ ਨਾਲ ਨਹੀਂ ਵੇਖਿਆ ਜਾਣਾ ਚਾਹੀਦਾ ਹੈ।

ਸਵਾਲ : ਇਹ ਲਾਚਿੰਗ ਮਾਰਕੀਟ ਵਿਚ ਹੋਰ ਪੰਜਾਬੀ ਚੈਨਲਾਂ ਦੇ ਆਉਣ ਤੋਂ ਬਾਅਦ ਹੀ ਕਿਉਂ ਹੋ ਰਹੀ ਹੈ।

ਜਵਾਬ : ਅਸੀਂ ਦੋ ਸਾਲ ਪਹਿਲਾਂ ਤੋਂ ਹੀ ਇਨ੍ਹਾਂ ਚੈਨਲਾਂ ਲਈ ਅਪਲਾਈ ਕੀਤਾ ਹੋਇਆ ਸੀ ਪਰ ਸੂਚਨਾ ਪ੍ਰਸਾਰਣ ਮੰਤਰਾਲਾ ਨੇ ਹੁਣ ਇਨ੍ਹਾਂ ਚੈਨਲਾਂ ਨੂੰ ਮਨਜ਼ੂਰੀ ਦਿੱਤੀ ਹੈ। ਲਿਹਾਜ਼ਾ ਹੁਣ ਇਹ ਚੈਨਲ ਲਾਂਚ ਕੀਤੇ ਜਾ ਰਹੇ ਹਨ। ਸਾਡੇ ਇਹ ਚੈਨਲ ਅਮਰੀਕਾ ਅਤੇ ਕੈਨੇਡਾ ਵਿਚ ਪਹਿਲਾਂ ਤੋਂ ਚੱਲ ਰਹੇ ਹਨ।

ਸਵਾਲ : ਟੀ. ਆਰ. ਪੀ. ਦੀ ਦੌੜ ਨਹੀਂ ਹੈ ਤਾਂ ਚੈਨਲ ਲਾਂਚ ਕਰਨ ਦਾ ਮਕਸਦ ਕੀ ਹੈ।

ਜਵਾਬ : ਪੰਜਾਬੀ ਵਿਚ ਹਰ ਹਫਤੇ ਇਕ ਨਵੀਂ ਫਿਲਮ ਆ ਰਹੀ ਹੈ ਅਤੇ ਸਾਡੇ ਕੋਲ ਆਪਣੇ ਪਲੇਟਫਾਰਮ ’ਤੇ ਹਰ ਹਫਤੇ ਦੋ ਨਵੇਂ ਗੀਤ ਰਿਕਾਰਡ ਹੋ ਰਹੇ ਹਨ। ਕੁਲ ਮਿਲਾ ਕੇ ਕੰਟੈਂਟ ਦੀ ਭਰਮਾਰ ਹੈ। ਜੇਕਰ ਅਸੀਂ ਕਿਸੇ ਹਿਟ ਸਿੰਗਰ ਨੂੰ ਚੈਨਲ ’ਤੇ ਜਗ੍ਹਾ ਦਿੰਦੇ ਹਨ ਤਾਂ ਨਵੇਂ ਸਿੰਗਰ ਦੇ ਗੀਤ ਨੂੰ ਪ੍ਰਮੋਸ਼ਨ ਨਹੀਂ ਮਿਲ ਪਾ ਰਹੀ। ਇਸ ਨੂੰ ਧਿਆਨ ਵਿਚ ਰੱਖਦਿਆਂ ਮਿਊਜ਼ਿਕ ਦਾ ਨਵਾਂ ਚੈਨਲ ਲਾਂਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੰਡੀਅਨ ਆਈਡਲ ਅਤੇ ਵਾਇਸ ਆਫ ਪੰਜਾਬ ਵਰਗੇ ਪਲੇਟਫਾਰਮਾਂ ’ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਿੰਗਰ ਬਾਅਦ ਵਿਚ ਗਾਇਬ ਹੋ ਰਹੇ ਹਾਂ ਅਤੇ ਉਨ੍ਹਾਂ ਨੂੰ ਕੋਈ ਲਾਂਚ ਨਹੀਂ ਕਰ ਰਿਹਾ। ਅਸੀਂ ਇਨ੍ਹਾਂ ਸਿੰਗਰਾਂ ਨੂੰ ਲਾਂਚ ਕਰਾਂਗੇ ਅਤੇ ਉਨ੍ਹਾਂ ਨੂੰ ਪਲੇਟਫਾਰਮ ਉਪਲੱਬਧ ਕਰਵਾਵਾਂਗੇ।

ਸਵਾਲ : ਨਵੇਂ ਚੈਨਲਾਂ ’ਤੇ ਕਿੰਨਾ ਨਿਵੇਸ਼ ਕੀਤਾ ਜਾ ਰਿਹਾ ਹੈ।

ਜਵਾਬ : ਇਨ੍ਹਾਂ ਤਿੰਨਾਂ ਚੈਨਲਾਂ ’ਤੇ 20 ਕਰੋੜ ਦੇ ਆਸ-ਪਾਸ ਦਾ ਨਿਵੇਸ਼ ਹੋਵੇਗਾ। ਸਾਡੇ ਲਈ ਮੁਸ਼ਕਿਲ ਇਸ ਕਾਰਨ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਬਾਜ਼ਾਰ ਵਿਚ ਹਾਂ ਅਤੇ ਪੀ. ਟੀ. ਸੀ. ਨੂੰ ਤਾਂ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਅਸੀਂ ਆਪਣੀ ਪਹਿਲਾਂ ਤੋਂ ਚੱਲ ਰਹੀ ਕੰਪਨੀ ਵਿਚੋਂ ਨਿਵੇਸ਼ ਕਰ ਕੇ ਇਨ੍ਹਾਂ ਚੈਨਲਾਂ ਨੂੰ ਲਾਂਚ ਕਰ ਰਹੇ ਹਾਂ।

ਸਵਾਲ : ਕੀ ਪੀ. ਟੀ. ਸੀ. ਦੇ ਮੁੱਖ ਚੈਨਲ ’ਤੇ ਚੱਲ ਰਹੀ ਗੁਰਬਾਣੀ ਪੀ. ਟੀ. ਸੀ. ਸਿਮਰਨ ’ਤੇ ਟੈਲੀਕਾਸਟ ਹੋਵੇਗੀ।

ਜਵਾਬ : ਸ੍ਰੀ ਦਰਬਾਰ ਸਾਹਿਬ ਜੀ ਦੀ ਗੁਰਬਾਣੀ ਦੇ ਟੈਲੀਕਾਸਟ ਅਧਿਕਾਰ ਪੀ. ਟੀ. ਸੀ. ਦੇ ਮੁੱਖ ਚੈਨਲ ਦੇ ਕੋਲ ਹਨ ਅਤੇ ਪੀ. ਟੀ. ਸੀ. ਸਿਮਰਨ ਦੇ ਕੰਟੈਂਟ ਇਸ ਨਾਲੋਂ ਵੱਖ ਹੋਣਗੇ। ਅਸੀਂ ਇਸ ਵਿਚ ਨਿਤਨੇਮ, ਰਹਿਰਾਸ ਸਾਹਿਬ ਅਤੇ ਹੋਰ ਕਿਸਮ ਦਾ ਧਾਰਮਿਕ ਕੰਟੈਂਟ ਚਲਾਵਾਂਗੇ। ਇਨ੍ਹਾਂ ਚੈਨਲਾਂ ਦੇ ਡਿਸਟ੍ਰੀਬਿਊਸ਼ਨ ਲਈ ਫਿਲਹਾਲ ਗੱਲਬਾਤ ਨਹੀਂ ਹੋਈ ਹੈ ਅਤੇ ਸਾਡੇ ਕੰਟੈਂਟ ਦੇ ਆਧਾਰ ’ਤੇ ਹੀ ਡਿਸ਼ ਨੈੱਟਵਰਕ ਅਤੇ ਕੇਬਲ ਨੈੱਟਵਰਕ ਸਾਨੂੰ ਆਪਣੇ ਪਲਾਨ ਵਿਚ ਜਗ੍ਹਾ ਦੇਣ ’ਤੇ ਮਜਬੂਰ ਹੋਣਗੇ।

ਸਵਾਲ  :  ਪੀ. ਟੀ. ਸੀ  . ਚੱਕ  ਦੇ ਹੋਣ  ਦੇ ਬਾਵਜੂਦ ਮਿਊਜ਼ਿਕ ਦਾ ਚੈਨਲ ਲਾਂਚ ਕਰਨ ਦੀ ਜ਼ਰੂਰਤ ਕਿਉਂ ਪਈ?

ਜਵਾਬ  :  ਪਿਛਲੇ ਸਾਲ ਪੰਜਾਬੀ  ਦੇ 2800 ਨਵੇਂ ਗੀਤ ਬਜਾਰ ’ਚ ਆਏ। ਇਨ੍ਹਾਂ ਸਾਰੇ ਗੀਤਾਂ ਨੂੰ ਇਕ ਚੈਨਲ ’ਤੇ ਲਾਂਚ ਨਹੀਂ ਕੀਤਾ ਜਾ ਸਕਦਾ। ਜੇਕਰ ਇਕ ਚੈਨਲ ’ਤੇ ਸਾਰੇ ਗੀਤਾਂ ਨੂੰ ਲਾਂਚ ਕੀਤਾ ਜਾਵੇ ਤਾਂ ਸਿੰਗਰ ਨੂੰ ਜ਼ਿਆਦਾ ਸਮਾਂ ਨਹੀਂ ਮਿਲਦਾ। ਲਿਹਾਜਾ ਨਵਾਂ ਚੈਨਲ ਲਾਂਚ ਕਰਨ ਦਾ ਫੈਸਲਾ ਕੀਤਾ ਗਿਆ।

ਪੀ.ਟੀ.ਸੀ. ਪੰਜਾਬੀ ਗੋਲਡ                 

ਪੀ. ਟੀ. ਸੀ. ਸਟੂਡੀਓ ਦੇ ਤਹਿਤ ਬਣਨ ਵਾਲੀਆਂ ਸਮੁੱਚੀਆਂ ਫਿਲਮਾਂ ਨੂੰ ਇਸ ਚੈਨਲ ਦੇ ਜ਼ਰੀਏ ਦਰਸ਼ਕਾਂ ਤੱਕ ਪਹੁੰਚਾਇਆ ਜਾਵੇਗਾ। ਪੀ. ਟੀ. ਸੀ. ਦੇ ਕੋਲ ਪਹਿਲਾਂ ਤੋਂ ਹੀ ਸੈਂਕੜੇ ਪੰਜਾਬੀ ਫਿਲਮਾਂ ਦੇ ਕਾਪੀਰਾਈਟ ਮੌਜੂਦ ਹਨ। ਇਹ ਸਾਰੀਆਂ ਪੰਜਾਬੀ ਫਿਲਮਾਂ ਚੈਨਲ ਪੀ. ਟੀ. ਸੀ. ਗੋਲਡ ’ਤੇ ਵਿਖਾਈਆਂ ਜਾਣਗੀਆਂ।

ਪੀ.ਟੀ.ਸੀ. ਮਿਊਜ਼ਿਕ    

ਹਾਲਾਂਕਿ ਪੀ. ਟੀ. ਸੀ. ਦਾ ਇਕ ਮਿਊਜ਼ਿਕ ਚੈਨਲ ਪਹਿਲਾਂ ਤੋਂ ਕੰਮ ਕਰ ਰਿਹਾ ਹੈ ਪਰ ਨਵੇਂ ਸਿੰਗਰਾਂ ਨੂੰ ਪਲੇਟਫਾਰਮ ਦੇਣ ਲਈ ਇਸ ਚੈਨਲ ਨੂੰ ਲਾਂਚ ਕੀਤਾ ਜਾ ਰਿਹਾ ਹੈ। ਇਸ ਚੈਨਲ ਦੇ ਜ਼ਰੀਏ ਸਮੁੱਚੇ ਨਵੇਂ ਅਤੇ ਪੁਰਾਣੇ ਗੀਤਾਂ ਦੀ ਨਵੇਂ ਅੰਦਾਜ਼ ਵਿਚ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਇਸ ਚੈਨਲ ’ਤੇ ਉਨ੍ਹਾਂ ਨੂੰ ਟੈਲੀਕਾਸਟ ਕੀਤਾ ਜਾਵੇਗਾ।

ਪੀ.ਟੀ.ਸੀ. ਸਿਮਰਨ

ਪੰਜਾਬੀ ਦੇ ਇਸ ਨਵੇਂ ਡਿਵੋਸ਼ਨਲ ਚੈਨਲ ਵਿਚ ਗੁਰਬਾਣੀ ਤੋਂ ਇਲਾਵਾ ਢਾਡੀ ਦਰਬਾਰ, ਸਾਖੀਆਂ, ਰਾਗੀਆਂ ਦੇ ਨਵੇਂ ਸ਼ਬਦ ਅਤੇ ਨਵੇਂ ਬਣ ਰਹੇ ਕਥਾਵਾਚਕਾਂ ਦੀਆਂ ਕਥਾਵਾਂ ਤੋਂ ਇਲਾਵਾ ਬੱਚਿਆਂ ਵਲੋਂ ਕੀਤੇ ਜਾਣ ਵਾਲੇ ਕੀਰਤਨ ਦੇ ਵੀਡੀਓਜ਼, ਬੱਚਿਆਂ ਦੇ ਗੁਰਬਾਣੀ ਮੁਕਾਬਲਿਆਂ ਸਮੇਤ ਕਈ ਹੋਰ ਕਿਸਮਾਂ ਦਾ ਧਾਰਮਿਕ ਕੰਟੈਂਟ ਵਿਖਾਇਆ ਜਾਵੇਗਾ।