ਗੁੱਡ ਨਿਊਜ਼ : ਛੋਟੇ ਕਾਰੋਬਾਰਾਂ ਨੂੰ ਹੁਣ 59 ਮਿੰਟ 'ਚ ਮਿਲ ਰਿਹੈ 5 ਕਰੋੜ ਲੋਨ

07/23/2019 2:51:42 PM

ਨਵੀਂ ਦਿੱਲੀ— ਮਾਈਕਰੋ ਤੇ ਛੋਟੇ ਉਦਯੋਗਾਂ ਦੀ ਵਧਦੀ ਲੋੜ ਨੂੰ ਪੂਰਾ ਕਰਨ ਲਈ 5 ਜਨਤਕ ਖੇਤਰ ਦੇ ਬੈਂਕਾਂ ਨੇ ਸਰਕਾਰ ਦੀ “59 ਮਿੰਟ ਪੀ. ਐੱਸ. ਬੀ. ਲੋਨ'' ਸਕੀਮ ਤਹਿਤ 5 ਕਰੋੜ ਰੁਪਏ ਤਕ ਦੇ ਲੋਨ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ।ਤੁਹਾਡਾ ਵੀ ਕਾਰੋਬਾਰ ਐੱਮ. ਐੱਸ. ਐੱਮ. ਈ. ਸ਼੍ਰੇਣੀ 'ਚ ਆਉਂਦਾ ਹੈ ਤਾਂ ਹੁਣ ਵੱਡੀ ਜ਼ਰੂਰਤ ਲਈ ਸਰਕਾਰ ਵੱਲੋਂ ਸ਼ੁਰੂ ਕੀਤੇ ਪੋਰਟਲ 'ਤੇ ਲੋਨ ਲਈ ਅਪਲਾਈ ਕਰ ਸਕਦੇ ਹੋ।


psbloansin59minutes.com 'ਤੇ ਇੰਨਾ ਲੋਨ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਭਾਰਤੀ ਯੂਨੀਅਨ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ, ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਬੈਂਕ ਵੱਲੋਂ ਦਿੱਤਾ ਜਾ ਰਿਹਾ ਹੈ। ਇਸ ਤਹਿਤ 31 ਮਾਰਚ 2019 ਤਕ 50,706 ਪ੍ਰਸਤਾਵ ਮਨਜ਼ੂਰ ਕੀਤੇ ਗਏ ਹਨ ਅਤੇ 27,893 ਨੂੰ ਲੋਨ ਦਿੱਤੇ ਗਏ ਹਨ। ਇਹ ਪੋਰਟਲ ਪਿਛਲੇ ਸਾਲ ਨਵੰਬਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਲਾਂਚ ਕੀਤਾ ਸੀ, ਤਾਂ ਜੋ 59 ਮਿੰਟ ਜਾਂ ਇਕ ਘੰਟੇ ਤੋਂ ਘੱਟ ਸਮੇਂ 'ਚ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਨੂੰ 1 ਕਰੋੜ ਰੁਪਏ ਤਕ ਦਾ ਲੋਨ ਮਿਲਣ 'ਚ ਸੌਖਾਈ ਹੋ ਸਕੇ।

ਇਸ ਪਲੇਟਫਾਰਮ ਨੇ ਲੋਨ ਪ੍ਰਕਿਰਿਆਵਾਂ 'ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਨ 'ਚ ਇਸ ਤਰ੍ਹਾਂ ਮਦਦ ਕੀਤੀ ਹੈ ਕਿ 'ਐੱਮ. ਐੱਸ. ਐੱਮ. ਈ.' ਨੂੰ ਯੋਗਤਾ ਪੱਤਰ ਅਤੇ 59 ਮਿੰਟ 'ਚ ਸਿਧਾਂਤਕ ਮਨਜ਼ੂਰੀ ਮਿਲ ਜਾਂਦੀ ਹੈ। ਇਸ ਮਗਰੋਂ ਲਗਭਗ 7-8 ਦਿਨਾਂ 'ਚ ਲੋਨ ਰਕਮ ਮਿਲ ਜਾਂਦੀ ਹੈ। ਹੁਣ ਇਸ ਪੋਰਟਲ 'ਤੇ 1 ਲੱਖ ਰੁਪਏ ਤੋਂ ਲੈ ਕੇ 5 ਕਰੋੜ ਰੁਪਏ ਤਕ ਦੇ ਲੋਨ ਲਈ ਅਪਲਾਈ ਕੀਤਾ ਜਾ ਸਕਦਾ ਹੈ। ਇਸ ਲਈ ਵਿਆਜ ਦਰ 8.5 ਫੀਸਦੀ ਤੋਂ ਸ਼ੁਰੂ ਹੁੰਦੀ ਹੈ।

ਇਸ ਸਕੀਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਕਰਜ਼ ਲੈਣ ਲਈ ਬੈਂਕਾਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ।ਇਹ ਸਾਰਾ ਪ੍ਰੋਸੈੱਸ ਆਨਲਾਈਨ ਹੀ ਹੁੰਦਾ ਹੈ।ਇਸ ਸਕੀਮ ਨਾਲ 21 ਸਰਕਾਰੀ ਬੈਂਕ ਜੁੜੇ ਹਨ ਤੇ ਇਕ ਨਿੱਜੀ ਬੈਂਕ ਕੋਟਕ ਮਹਿੰਦਰਾ ਵੀ ਇਸ ਨਾਲ ਜੁਡ਼ ਚੁੱਕਾ ਹੈ।ਲੋਨ ਲੈਣ ਲਈ ਜੀ. ਐੱਸ. ਟੀ. ਰਿਟਰਨ/ਇਨਕਮ ਟੈਕਸ ਰਿਟਰਨ/ਬੈਂਕਿੰਗ ਡਿਟੇਲ ਦੇਣਾ ਜ਼ਰੂਰੀ ਹੈ।