ਇਲੈਕਟ੍ਰਿਕ ਟੂ-ਵ੍ਹੀਲਰਾਂ ਲਈ ਭਾਰਤ 'ਚ ਇਕ ਹੋਰ ਨਿਰਮਾਣ ਪਲਾਂਟ ਲਾਏਗੀ ਪ੍ਰਿਵੇਲ

08/01/2021 3:35:01 PM

ਨਵੀਂ ਦਿੱਲੀ- ਪ੍ਰਿਵੇਲ ਇਲੈਕਟ੍ਰਿਕ ਮੋਬਿਲਿਟੀ ਨੇ ਭਾਰਤ ਵਿਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਲਈ ਇਕ ਹੋਰ ਨਿਰਮਾਣ ਪਲਾਂਟ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਫਰਾਂਸ ਦੀ ਲੁਬਰੀਕੈਂਟਸ ਖੇਤਰ ਦੀ ਪ੍ਰਮੁੱਖ ਐੱਫ. ਆਰ ਵੇਲੀਯਾਰਨ ਦੀ ਇਸ ਇਕਾਈ ਦਾ ਇਰਾਦਾ ਇਸ ਨਿਰਮਾਣ ਪਲਾਂਟ ਰਾਹੀਂ ਦੇਸ਼ ਤੋਂ ਇਲਾਵਾ ਨੇਪਾਲ ਅਤੇ ਸ਼੍ਰੀਲੰਕਾ ਦੇ ਬਾਜ਼ਾਰਾਂ ਦੀ ਮੰਗ ਨੂੰ ਪੂਰਾ ਕਰਨਾ ਹੈ।

ਕੰਪਨੀ ਇਸ ਮਹੀਨੇ ਭਾਰਤ ਵਿਚ ਆਪਣਾ ਪਹਿਲਾ ਵਾਹਨ ਲਾਂਚ ਕਰੇਗੀ। ਕੰਪਨੀ ਹਰਿਆਣਾ ਵਿਚ ਗੁਰੂਗ੍ਰਾਮ ਦੇ ਨੇੜੇ ਬਹਿਰਾਮਪੁਰ ਵਿਚ ਆਪਣਾ ਨਵਾਂ ਨਿਰਮਾਣ ਯੂਨਿਟ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਦਾ ਰਾਜਸਥਾਨ ਨੀਮਰਾਨਾ ਵਿਚ ਇੱਕ ਪਲਾਂਟ ਹੈ। ਦੋਵਾਂ ਪਲਾਂਟਾਂ ਵਿਚ ਕੰਪਨੀ ਦਾ ਨਿਵੇਸ਼ ਲਗਭਗ 50 ਕਰੋੜ ਰੁਪਏ ਹੈ।

ਪ੍ਰਿਵੇਲ ਇਲੈਕਟ੍ਰਿਕ ਮੋਬਿਲਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹੇਮੰਤ ਭੱਟ ਨੇ ਦੱਸਿਆ, “ਸਾਡੇ ਕੋਲ ਇਸ ਵੇਲੇ ਸਮਰੱਥਾ 25,000 ਯੂਨਿਟ ਸਾਲਾਨਾ ਦੀ ਹੈ। ਅਸੀਂ ਇਸ ਨੂੰ ਸਾਲਾਨਾ 40,000 ਤੋਂ 50,000 ਯੂਨਿਟ ਤੱਕ ਵਧਾਉਣ ਜਾ ਰਹੇ ਹਾਂ। ” ਉਨ੍ਹਾਂ ਕਿਹਾ ਕਿ ਨੇਪਾਲ ਅਤੇ ਸ਼੍ਰੀਲੰਕਾ ਦੇ ਬਾਜ਼ਾਰਾਂ ਵਿਚ ਦਾਖ਼ਲ ਹੋਣ ਲਈ ਅਜਿਹਾ ਕਰਨਾ ਜ਼ਰੂਰੀ ਹੈ। ਸ਼ੁਰੂ ਵਿਚ ਕੰਪਨੀ ਨੇ ਆਪਣੇ ਇਲੈਕਟ੍ਰਿਕ ਦੋਪਹੀਆ ਵਾਹਨ ਨੂੰ ਸਿਰਫ ਭਾਰਤ ਵਿਚ ਪੇਸ਼ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਨੇਪਾਲ ਅਤੇ ਸ੍ਰੀਲੰਕਾ ਵਿਚ ਆਪਣੇ ਇਲੈਕਟ੍ਰਿਕ ਦੋਪਹੀਆ ਵਾਹਨ ਵੇਚਣ ਲਈ ਉੱਥੇ ਦੇ ਭਾਈਵਾਲਾਂ ਨਾਲ ਸਮਝੌਤਾ ਕੀਤਾ ਹੈ। ਕੰਪਨੀ ਤਿੰਨ ਇਲੈਕਟ੍ਰਿਕ ਸਕੂਟਰਸ Elite, Finesse ਅਤੇ Wolfuri ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਸਕੂਟਰ ਸਿੰਗਲ ਚਾਰਜ 'ਤੇ 110 ਕਿਲੋਮੀਟਰ ਚੱਲਣਗੇ।
 

Sanjeev

This news is Content Editor Sanjeev