ਨਿੱਜੀ ਖੇਤਰ ''ਚ ਤਨਖਾਹ ਵਾਧਾ ਪਿਛਲੇ ਦਹਾਕੇ ਦੇ ਸਭ ਤੋਂ ਹੇਠਲੇ ਪੱਧਰ ''ਤੇ

08/21/2019 4:55:11 PM

ਨਵੀਂ ਦਿੱਲੀ — ਦੇਸ਼ ਵਿਚ ਲਗਾਤਾਰ ਵਿਕਰੀ 'ਚ ਆ ਰਹੀ ਗਿਰਾਵਟ ਵਿਚਕਾਰ ਭਾਰਤੀ ਕੰਪਨੀਆਂ ਕਰਮਚਾਰੀਆਂ ਦੀ ਤਨਖਾਹ 'ਤੇ ਹੋਣ ਵਾਲੇ ਖਰਚੇ ਨੂੰ ਘੱਟ ਕਰਨ ਦੀ ਜੁਗਾੜ ਲਗਾ ਰਹੀਆਂ ਹਨ। ਇਕ ਖਬਰ 'ਚ ਸਾਹਮਣੇ ਆਇਆ ਹੈ ਕਿ ਵਿੱਤੀ ਸਾਲ 2018-19 'ਚ ਨਿੱਜੀ ਖੇਤਰ 'ਚ ਤਨਖਾਹ ਵਿਚ ਹੋਣ ਵਾਲਾ ਵਾਧਾ ਪਿਛਲੇ 10 ਸਾਲਾਂ ਵਿਚ ਸਭ ਤੋਂ ਘੱਟ ਰਿਹਾ। 

ਇਸ ਦੇ ਨਾਲ ਹੀ ਪਿਛਲੇ ਸਾਲ 'ਚ ਪਹਿਲੀ ਵਾਰ ਵਿਕਰੀ ਮਾਲੀਆ 'ਚ ਤਨਖਾਹ ਦਾ ਹਿੱਸਾ ਵੀ ਘੱਟ ਹੋਇਆ ਹੈ। ਇਹ ਅੰਕੜੇ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ(ਸੀ.ਐਮ.ਆਈ.ਈ.) ਵਲੋਂ ਤਿਆਰ ਡਾਟਾਬੇਸ ਤੋਂ ਲਏ ਗਏ ਹਨ। 
ਡਾਟਾਬੇਸ 'ਚ 4,953 ਕੰਪਨੀਆਂ ਦੇ ਵਿਕਰੀ ਅਤੇ ਤਨਖਾਹ ਸਬੰਧੀ ਬੀਤੇ 10 ਸਾਲ ਦੇ  ਅੰਕੜੇ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ਸਾਰੀਆਂ ਕੰਪਨੀਆਂ ਕੋਲ ਕਰਮਚਾਰੀਆਂ ਦੀ ਸੰਖਿਆ ਦਾ ਬਿਓਰਾ ਮੌਜੂਦ ਨਹੀਂ ਹੈ। ਸਾਲ 2018-19 'ਚ 4,953 'ਚ ਸਿਰਫ 3,353 ਕੰਪਨੀਆਂ ਨੇ 80 ਲੱਖ 20 ਹਜ਼ਾਰ ਲੋਕਾਂ ਨੂੰ ਨੌਕਰੀ ਦਿੱਤੀ। 

ਸਾਲ 2018-19 'ਚ ਇਨ੍ਹਾਂ ਸਾਰੀਆਂ ਕੰਪਨੀਆਂ ਦੀ ਨਕਦੀ ਤਨਖਾਹ ਅਤੇ ਵਿਕਰੀ ਮਾਲੀਆ 'ਚ ਕ੍ਰਮਵਾਰ 6 ਫੀਸਦੀ ਅਤੇ 9 ਫੀਸਦੀ ਦਾ ਵਾਧਾ ਰਿਹਾ। ਇਸ ਦੇ ਪਿੱਛੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਲੰਮੇ ਸਮੇਂ ਤੋਂ ਕੰਪਨੀਆਂ ਦੇ ਕਾਰੋਬਾਰ 'ਚ ਕਮੀ ਦੇਖਣ ਨੂੰ ਮਿਲ ਰਹੀ ਹੈ। ਸਾਲ 2012-13 ਦੇ ਬਾਅਦ ਲਗਾਤਾਰ ਚਾਰ ਸਾਲ ਤੱਕ ਡਾਟਾਬੇਸ 'ਚ ਸੂਚਿਤ ਕੰਪਨੀਆਂ ਨੂੰ ਨਕਾਰਾਤਮਕ ਅਸਲ ਵਾਧੇ ਦਾ ਸਾਹਮਣਾ ਕਰਨਾ ਪਿਆ ਹੈ। 

ਸਾਲ 2016-17 ਅਤੇ 2017-18 'ਚ ਵਿਕਰੀ ਮਾਲੀਆ 'ਚ ਕੁਝ ਸੁਧਾਰ ਹੋਇਆ ਹਾਲਾਂਕਿ ਬੀਤੇ ਸਾਲ ਇਸ ਵਿਚ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ ਲਗਾਤਾਰ ਸੁਸਤੀ ਦੇ ਕਾਰਨ ਲਾਗਤ 'ਚ ਕਟੌਤੀ ਕਰਨ ਦੇ ਉਦੇਸ਼ ਨਾਲ ਤਨਖਾਹ ਵਾਧੇ 'ਚ ਕਟੌਤੀ ਦੇਖੀ ਗਈ।
ਤਨਖਾਹ ਅਤੇ ਦਿਹਾੜੀ 'ਚ ਕਟੌਤੀ ਦੇ ਪਿੱਛੇ ਬੇਰੋਜ਼ਗਾਰੀ ਵੀ ਇਕ ਅਹਿਮ ਕਾਰਨ ਹੋ ਸਕਦਾ ਹੈ। ਕੁਝ ਸਮਾਂ ਪਹਿਲਾਂ ਨੈਸ਼ਨਲ ਸੈਂਪਲ ਸਰਵੇ ਆਫਿਸ(ਐਨ.ਐਸ.ਐਸ.ਓ.) ਦੀ ਰਿਪੋਰਟ 'ਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਰਿਪੋਰਟ ਮੁਤਾਬਕ ਦੇਸ਼ 'ਚ ਸਾਲ 2017-18 'ਚ ਬੇਰੋਜ਼ਗਾਰੀ ਦੀ ਦਰ ਪਿਛਲੇ 45 ਸਾਲ 'ਚ ਸਭ ਤੋਂ ਜ਼ਿਆਦਾ ਸੀ। 

ਅਰਥਵਿਵਸਥਾ 'ਤੇ ਇਸ ਦੇ ਅਸਰ ਦੀ ਗੱਲ ਕਰੀਏ ਤਾਂ 4,953 ਕੰਪਨੀਆਂ ਦੇ ਸਾਰੇ ਕਰਮਚਾਰੀਆਂ ਦੀ ਕੁੱਲ ਤਨਖਾਹ 2018 'ਚ 10.26 ਲੱਖ ਕਰੋੜ ਰੁਪਏ ਸੀ। ਜਿਹੜੀ ਕਿ 2018-19 'ਚ ਕੁੱਲ ਨਿੱਜੀ ਉਪਭੋਗ ਖਰਚੇ ਦਾ 12.8 ਫੀਸਦੀ ਹੈ।