TV , ਫਰਿੱਜ ਤੇ AC ਖਰੀਦਣਾ ਹੋ ਜਾਏਗਾ ਮਹਿੰਗਾ, ਆਈਫੋਨ 'ਤੇ ਬੰਦ ਹੋ ਸਕਦੀ ਹੈ ਛੋਟ

02/19/2020 10:00:50 AM

ਨਵੀਂ ਦਿੱਲੀ— ਟੈਲੀਵਿਜ਼ਨ, ਏਅਰ ਕੰਡੀਸ਼ਨਰ, ਫਰਿੱਜ ਜਾਂ ਸਮਾਰਟ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜਲਦ ਹੀ ਤੁਹਾਡੀ ਜੇਬ ਨੂੰ ਝਟਕਾ ਲੱਗ ਸਕਦਾ ਹੈ। ਕੋਰੋਨਾ ਵਾਇਰਸ ਕਾਰਨ ਚੀਨ ਤੋਂ ਸਪਲਾਈ ਪ੍ਰਭਾਵਿਤ ਹੋਣ ਦੀ ਵਜ੍ਹਾ ਨਾਲ ਕੰਪਨੀਆਂ ਨੂੰ ਕੰਪੋਨੈਂਟਸ ਅਤੇ ਹੋਰ ਜ਼ਰੂਰੀ ਕੱਚੇ ਮਾਲ ਦੀ ਕਮੀ ਨਾਲ ਜੂਝਣਾ ਪੈ ਰਿਹਾ ਹੈ। ਇਸ ਕਾਰਨ ਕੀਮਤਾਂ 'ਚ ਇਸੇ ਮਹੀਨੇ ਵਾਧਾ ਹੋ ਸਕਦਾ ਹੈ। ਸਪਲਾਈ 'ਚ ਦਿੱਕਤ ਅਤੇ ਕੱਚਾ ਮਾਲ ਮਹਿੰਗਾ ਹੋਣ ਕਾਰਨ ਕੰਪਨੀਆਂ ਨੇ ਛੋਟ ਤੇ ਪ੍ਰੋਮੋਸ਼ਨਲ ਪੇਸ਼ਕਸ਼ਾਂ ਨੂੰ ਘਟਾਉਣਾ ਵੀ ਸ਼ੁਰੂ ਕਰ ਦਿੱਤਾ ਹੈ।

ਇੰਡਸਟਰੀ ਜਾਣਕਾਰਾਂ ਮੁਤਾਬਕ, ਟੀ. ਵੀ. ਯਾਨੀ ਟੈਲੀਵੀਜ਼ਨ ਵਰਗੇ ਕੁਝ ਸਮਾਨਾਂ ਦੀਆਂ ਕੀਮਤਾਂ 'ਚ 7-10 ਫੀਸਦੀ ਦਾ ਵਾਧਾ ਹੋ ਸਕਦਾ ਹੈ ਕਿਉਂਕਿ ਇਸ ਦੇ ਪ੍ਰਮੁੱਖ ਕੰਪੋਨੈਂਟ- 'ਟੀਵੀ ਪੈਨਲ' ਦੀ ਅੰਤਰਰਾਸ਼ਟਰੀ ਕੀਮਤ ਪਹਿਲਾਂ ਹੀ ਗੰਭੀਰ ਘਾਟ ਕਾਰਨ 15 ਤੋਂ 20 ਫੀਸਦੀ ਤੱਕ ਵੱਧ ਗਈ ਹੈ।
ਉੱਥੇ ਹੀ, ਗੋਦਰੇਜ ਕੰਪਨੀ ਦਾ ਕਹਿਣਾ ਹੈ ਕਿ 3-5 ਫੀਸਦੀ ਤੱਕ ਕੀਮਤਾਂ ਵਧਣਾ ਪੱਕਾ ਹੈ ਕਿਉਂਕਿ ਚੀਨ ਤੋਂ ਦਰਾਮਦ ਹੋਣ ਵਾਲੇ ਸਾਰੇ ਮਾਲ 'ਚ ਦੇਰੀ ਹੋ ਰਹੀ ਹੈ। ਸਪਲਾਈ 'ਚ ਰੁਕਾਵਟ ਕਾਰਨ ਡਿਸਕਾਊਂਟ ਅਤੇ ਪ੍ਰੋਮੋਸ਼ਨਲ ਆਫਰ ਦਾ ਵੀ ਖਤਮ ਹੋਣਾ ਲਾਜ਼ਮੀ ਹੈ। ਓਧਰ ਕੋਡਕ ਤੇ ਥਾਮਸਨ ਟੀ. ਵੀ. ਨੇ ਸਟਾਕ ਘੱਟ ਹੋਣ ਕਾਰਨ ਡਿਸਕਾਊਂਟ ਲਗਭਗ ਰੋਕ ਦਿੱਤਾ ਹੈ। ਟੀ. ਵੀ. ਕੀਮਤਾਂ 'ਚ ਮਾਰਚ 'ਚ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

 Apple ਨੇ ਵੀ ਕਹਿ ਦਿੱਤਾ ਹੈ ਕਿ ਚੀਨ 'ਚ ਕੰਪਨੀ ਦੇ ਨਿਰਮਾਣ ਪਾਰਟਨਰ ਪਹਿਲਾਂ ਤੋਂ ਸੁਸਤ ਰਫਤਾਰ ਨਾਲ ਉਤਪਾਦਨ ਵਧਾ ਰਹੇ ਹਨ, ਜਿਸ ਕਾਰਨ ਆਈਫੋਨਜ਼ ਦੀ ਸਪਲਾਈ ਥੋੜ੍ਹੇ ਸਮੇਂ ਲਈ ਵਿਸ਼ਵ ਭਰ 'ਚ ਘੱਟ ਰਹੇਗੀ। ਮੰਨਿਆ ਜਾ ਰਿਹਾ ਹੈ ਕਿ ਆਈਫੋਨ ਦੀ ਸਪਲਾਈ 'ਚ ਕਮੀ ਦੇ ਮੱਦੇਨਜ਼ਰ ਅਗਲੇ ਕੁਝ ਦਿਨਾਂ ਤੱਕ ਈ-ਕਾਮਰਸ ਪਲੇਟਫਾਰਮ ਅਤੇ ਸਟੋਰਾਂ 'ਤੇ ਡਿਸਕਾਊਂਟ ਮਿਲਣਾ ਬੰਦ ਹੋ ਸਕਦਾ ਹੈ।