ਬੈਂਕ ਖਾਤੇ ਤੋਂ ਵੀ ਵੱਧ ਹੋਵੇਗੀ ਕਮਾਈ, ਇੱਥੇ ਮਿਲ ਰਿਹੈ 8% ਰਿਟਰਨ

03/30/2019 2:52:49 PM

ਨਵੀਂ ਦਿੱਲੀ—  ਬਿਹਤਰ ਤੇ ਸਰਕਾਰੀ ਸਕੀਮਾਂ 'ਚ ਰਕਮ ਜਮ੍ਹਾ ਕਰਾ ਕੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਤਾਂ ਤੁਹਾਡੇ ਲਈ ਚੰਗਾ ਮੌਕਾ ਹੈ। ਸਰਕਾਰ ਨੇ ਵਿੱਤੀ ਸਾਲ 2019-20 ਦੀ ਪਹਿਲੀ ਤਿਮਾਹੀ ਲਈ ਪੀ. ਪੀ. ਐੱਫ. ਅਤੇ ਹੋਰ ਬਚਤ ਯੋਜਨਾਵਾਂ 'ਤੇ ਵਿਆਜ ਦਰਾਂ 'ਚ ਬਦਲਾਵ ਨਹੀਂ ਕੀਤਾ ਹੈ, ਯਾਨੀ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਅਤੇ ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.) 'ਤੇ 8 ਫੀਸਦੀ ਵਿਆਜ ਲੈਣ ਦਾ ਫਾਇਦਾ ਤੁਸੀਂ ਹੁਣ ਵੀ ਉਠਾ ਸਕਦੇ ਹੋ। 30 ਜੂਨ 2019 ਤਕ ਇਨ੍ਹਾਂ ਯੋਜਨਾਵਾਂ 'ਤੇ ਇਹ ਫਾਇਦਾ ਮਿਲੇਗਾ।

 

ਸੁਕੰਨਿਆ ਸਮਰਿਧੀ ਯੋਜਨਾ 'ਤੇ ਮਿਲਣ ਵਾਲੀ ਵਿਆਜ ਦਰ ਵੀ 8.5 ਫੀਸਦੀ ਰਹੇਗੀ। ਇਸ ਸਕੀਮ 'ਚ ਇਕ ਵਿੱਤੀ ਸਾਲ 'ਚ ਘੱਟੋ-ਘੱਟ 1,000 ਰੁਪਏ ਤੋਂ ਲੈ ਕੇ 1.50 ਲੱਖ ਰੁਪਏ ਤਕ ਰਾਸ਼ੀ ਜਮ੍ਹਾ ਕਰਾ ਸਕਦੇ ਹੋ। 10 ਸਾਲ ਤਕ ਦੀ ਬੇਟੀ ਦੇ ਨਾਮ 'ਤੇ ਇਹ ਖਾਤਾ ਖੁੱਲ੍ਹਵਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਇਸ 'ਤੇ ਹੋਰ ਸਕੀਮਾਂ ਨਾਲੋਂ ਬਿਹਤਰ ਵਿਆਜ ਮਿਲ ਰਿਹਾ ਹੈ। ਪੰਜ ਸਾਲਾ ਸੀਨੀਅਰ ਸਿਟੀਜ਼ਨਸ ਬਚਤ ਸਕੀਮ ਲਈ ਵਿਆਜ ਦਰ 8.7 ਫੀਸਦੀ 'ਤੇ ਬਰਕਰਾਰ ਰੱਖੀ ਗਈ ਹੈ।
ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਸਾਲ ਅਕਤੂਬਰ-ਦਸੰਬਰ ਤਿਮਾਹੀ 'ਚ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.), ਰਾਸ਼ਟਰੀ ਬਚਤ ਸਰਟੀਫਿਕੇਟ, ਮਹੀਨਾਵਾਰ ਆਮਦਨ ਸਕੀਮ, ਸੀਨੀਅਰ ਸਿਟੀਜ਼ਨਸ ਬਚਤ ਸਕੀਮ (ਐੱਸ. ਸੀ. ਐੱਸ. ਐੱਸ.) ਅਤੇ ਸੁਕੰਨਿਆ ਸਮਰਿਧੀ ਸਕੀਮ (ਐੱਸ. ਐੱਸ. ਐੱਸ.) ਸਮੇਤ ਵੱਖ-ਵੱਖ ਛੋਟੀਆਂ ਬਚਤ ਯੋਜਨਾਵਾਂ 'ਤੇ ਵਿਆਜ ਦਰਾਂ 'ਚ 0.40 ਫੀਸਦੀ ਤਕ ਦਾ ਵਾਧਾ ਕੀਤਾ ਸੀ, ਜੋ ਮਿਡਲ ਕਲਾਸ 'ਚ ਕਾਫੀ ਪ੍ਰਸਿੱਧ ਹਨ।

 

ਪੀ. ਪੀ. ਐੱਫ. ਹੈ ਪਾਪੁਲਰ-
ਇਨਕਮ ਟੈਕਸਦਾਤਾਵਾਂ 'ਚ ਪੀ. ਪੀ. ਐੱਫ. ਸਕੀਮ ਸਭ ਤੋਂ ਵੱਧ ਪ੍ਰਸਿੱਧ ਹੈ। ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.) ਸਕੀਮ ਨੌਕਰੀਪੇਸ਼ਾ ਅਤੇ ਗੈਰ-ਨੌਕਰੀਪੇਸ਼ਾ ਦੋਹਾਂ ਲਈ ਹੈ। 500 ਰੁਪਏ ਨਾਲ ਇਹ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਇਕ ਵਿੱਤੀ ਸਾਲ 'ਚ ਵੱਧ ਤੋਂ ਵੱਧ 1.50 ਲੱਖ ਰੁਪਏ ਤਕ ਦਾ ਨਿਵੇਸ਼ ਕਰ ਸਕਦੇ ਹੋ। ਇਸ 'ਚ ਨਿਵੇਸ਼ ਨਾਲ ਇਨਕਮ ਟੈਕਸ ਦੀ ਧਾਰਾ 80ਸੀ ਤਹਿਤ ਇਨਕਮ ਟੈਕਸ 'ਚ 1.5 ਲੱਖ ਰੁਪਏ ਤਕ ਦੀ ਛੋਟ ਲਈ ਜਾ ਸਕਦੀ ਹੈ। ਪੀ. ਪੀ. ਐੱਫ. ਖਾਤਾ 15 ਸਾਲ ਤਕ ਲਈ ਹੁੰਦਾ ਹੈ ਅਤੇ ਇਸ ਤੋਂ ਹੋਣ ਵਾਲੀ ਵਿਆਜ ਆਮਦਨ ਵੀ ਟੈਕਸ ਮੁਕਤ ਹੁੰਦੀ ਹੈ।