ਕਿਸਾਨਾਂ ਨੂੰ ਮਿਲ ਸਕਦੀ ਹੈ ਵੱਡੀ ਖ਼ੁਸ਼ਖ਼ਬਰੀ, ਇੰਨੇ ਮੁੱਲ ਤੋਂ ਪਾਰ ਹੋਣਗੇ ਆਲੂ

10/05/2020 3:48:14 PM

ਨਵੀਂ ਦਿੱਲੀ— ਕਿਸਾਨਾਂ ਨੂੰ ਇਸ ਵਾਰ ਆਲੂਆਂ ਦਾ ਮੁੱਲ ਬਿਹਤਰ ਮਿਲਣ ਦੀ ਸੰਭਾਵਨਾ ਹੈ। ਇਸ ਦੀ ਵਜ੍ਹਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਦੀ ਸਪਲਾਈ ਘੱਟ ਚੱਲ ਰਹੀ ਹੈ ਅਤੇ ਨਰਾਤਿਆਂ ਤੋਂ ਸ਼ੁਰੂ ਹੋਣ ਵਾਲੇ ਤਿਉਹਾਰੀ ਮੌਸਮ 'ਚ ਮੰਗ ਵਧਣ ਨਾਲ ਕੀਮਤਾਂ ਹੋਰ ਚੜ੍ਹਨ ਦਾ ਅੰਦਾਜ਼ਾ ਹੈ। ਹਾਲਾਂਕਿ, ਇਸ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਵੀ ਵਿਗੜਨ ਵਾਲਾ ਹੈ।

ਪਿਛਲੇ ਕੁਝ ਦਿਨਾਂ ਤੋਂ ਆਲੂ ਦੀਆਂ ਥੋਕ ਕੀਮਤਾਂ ਦਿੱਲੀ ਦੀ ਆਜ਼ਾਦਪੁਰ ਮੰਡੀ 'ਚ 12 ਰੁਪਏ ਤੋਂ 51 ਰੁਪਏ ਪ੍ਰਤੀ ਕਿਲੋ ਵਿਚਕਾਰ ਘੁੰਮ ਰਹੀਆਂ ਹਨ, ਜਦੋਂ ਕਿ ਐੱਨ. ਸੀ. ਆਰ. 'ਚ ਇਹ 40 ਤੋਂ 50 ਰੁਪਏ ਪ੍ਰਤੀ ਕਿਲੋ ਵਿਚਕਾਰ ਹਨ। ਉੱਥੇ ਹੀ, ਬਿਹਤਰ ਕਿਸਮ ਦੇ ਆਲੂ ਹੋਰ ਵੀ ਮਹਿੰਗੇ ਹਨ।

ਹੁਣ ਨਵੀਂ ਫਸਲ ਦੀ ਪੁਟਾਈ ਹੋਣ ਅਤੇ ਦਸੰਬਰ 'ਚ ਬਾਜ਼ਾਰਾਂ 'ਚ ਪਹੁੰਚਣ ਤੋਂ ਬਾਅਦ ਹੀ ਕੀਮਤਾਂ 'ਚ ਕੁਝ ਗਿਰਾਵਟ ਦੀ ਸੰਭਾਵਨਾ ਹੈ।

ਅਜ਼ਾਦਪੁਰ ਮੰਡੀ ਆਲੂ ਪਿਆਜ਼ ਵਪਾਰੀ ਐਸੋਸੀਏਸ਼ਨ (ਪੀ. ਓ. ਐੱਮ. ਏ.) ਦੇ ਜਨਰਲ ਸੱਕਤਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਜਿਹੜੇ ਲੋਕ ਨਰਾਤਿਆਂ ਦੌਰਾਨ ਵਰਤ ਰੱਖਦੇ ਹਨ ਉਹ ਆਲੂ ਦੇ ਬਣੇ ਪਕਵਾਨ ਖਾਂਦੇ ਹਨ ਅਤੇ ਇਸ ਲਈ ਮੰਗ ਵਧਦੀ ਹੈ। ਇਸ ਵਾਰ ਨਰਾਤੇ 17 ਅਕਤੂਬਰ ਤੋਂ 25 ਅਕਤੂਬਰ ਤੱਕ ਹਨ। ਸ਼ਰਮਾ ਨੇ ਦਾਅਵਾ ਕੀਤਾ ਕਿ ਸਪਲਾਈ ਘਟਣ ਕਾਰਨ ਆਲੂ ਦੀਆਂ ਕੀਮਤਾਂ ਵਧੀਆਂ ਹਨ। ਅਜ਼ਾਦਪੁਰ ਦੀ ਮੰਡੀ 'ਚ ਪਹੁੰਚਣ ਵਾਲੇ ਆਲੂ ਪਿਛਲੇ ਸਾਲ ਨਾਲੋਂ ਤਕਰੀਬਨ 40-50 ਫੀਸਦੀ ਘੱਟ ਗਏ ਹਨ, ਜਿਸ ਨਾਲ ਇਸ ਦੀਆਂ ਪ੍ਰਚੂਨ ਕੀਮਤਾਂ 'ਚ ਦੋ ਗੁਣਾ ਵਾਧਾ ਹੋਇਆ ਹੈ।

Sanjeev

This news is Content Editor Sanjeev