ਸਰਕਾਰ ਦੀ ਸਭ ਕਿਸਾਨਾਂ ਨੂੰ ਸੌਗਾਤ, PM ਕਿਸਾਨ ਯੋਜਨਾ ਹੋਈ ਨੋਟੀਫਾਈਡ

06/09/2019 2:10:56 PM

ਨਵੀਂ ਦਿੱਲੀ— ਸਰਕਾਰ ਨੇ ਪੀ. ਐੱਮ. ਕਿਸਾਨ ਯੋਜਨਾ ਨੋਟੀਫਾਈ ਕਰ ਦਿੱਤੀ ਹੈ। ਇਸ ਯੋਜਨਾ ਦਾ ਵਿਸਥਾਰ ਕਰਦੇ ਹੋਏ ਨਰਿੰਦਰ ਮੋਦੀ ਸਰਕਾਰ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਰਾਜਾਂ ਨੂੰ 31 ਜੁਲਾਈ ਤਕ ਲਾਭਪਾਤਰਾਂ ਦੀ ਸੂਚੀ ਸੌਂਪਣ ਨੂੰ ਕਿਹਾ ਹੈ।
 

 

ਇਸ ਯੋਜਨਾ ਦਾ ਫਾਇਦਾ ਹੁਣ ਲਗਭਗ 14.5 ਕਰੋੜ ਕਿਸਾਨਾਂ ਨੂੰ ਮਿਲੇਗਾ। ਪਹਿਲਾਂ ਇਹ ਯੋਜਨਾ ਸਿਰਫ ਸੀਮਾਂਤ ਤੇ ਛੋਟੇ ਯਾਨੀ 5 ਕਿੱਲੇ ਤਕ ਦੀ ਜ਼ਮੀਨ ਵਾਲੇ ਕਿਸਾਨਾਂ ਲਈ ਸੀ, ਜਦੋਂ ਕਿ ਹੁਣ ਜ਼ਮੀਨ-ਜਾਇਦਾਦ ਦੀ ਕੋਈ ਲਿਮਟ ਨਹੀਂ ਹੈ, ਯਾਨੀ ਸਭ ਨੂੰ ਫਾਇਦਾ ਮਿਲੇਗਾ। ਪੀ. ਐੱਮ. ਕਿਸਾਨ ਯੋਜਨਾ ਨਾਲ ਹੁਣ ਤਕ 3.66 ਕਰੋੜ ਕਿਸਾਨ ਰਜਿਸਟਰਡ ਹੋਏ ਹਨ, ਜਿਨ੍ਹਾਂ 'ਚੋਂ 3.03 ਕਰੋੜ ਲੋਕਾਂ ਨੂੰ 2,000 ਰੁਪਏ ਦੀ ਪਹਿਲੀ ਕਿਸ਼ਤ ਵੀ ਦਿੱਤੀ ਜਾ ਚੁੱਕੀ ਹੈ ਤੇ 2 ਕਰੋੜ ਕਿਸਾਨਾਂ ਨੂੰ ਦੂਜੀ ਕਿਸ਼ਤ ਵੀ ਮਿਲ ਚੁੱਕੀ ਹੈ।

ਇਸ ਯੋਜਨਾ ਦਾ ਹੁਣ ਤਕ ਸਭ ਤੋਂ ਵੱਧ ਫਾਇਦਾ ਤਿੰਨ ਰਾਜਾਂ- ਪੰਜਾਬ, ਹਰਿਆਣਾ ਤੇ ਗੁਜਰਾਤ ਨੇ ਵਧ ਚੜ੍ਹ ਕੇ ਉਠਾਇਆ ਹੈ। ਗੁਜਰਾਤ ਦੇ 36.93 ਲੱਖ, ਪੰਜਾਬ ਦੇ 13.14 ਲੱਖ ਅਤੇ ਹਰਿਆਣਾ ਦੇ 10.73 ਲੱਖ ਕਿਸਾਨ ਇਸ ਨਾਲ ਜੁੜ ਚੁੱਕੇ ਹਨ। ਉੱਥੇ ਹੀ, ਪੱਛਮੀ ਬੰਗਾਲ, ਸਿੱਕਮ, ਦਿੱਲੀ ਤੇ ਲਕਸ਼ਦੀਪ ਉਹ ਸੂਬੇ ਹਨ ਜਿਨ੍ਹਾਂ ਨੇ ਕੇਂਦਰ ਸਰਕਾਰ ਨਾਲ ਲਾਭਪਾਤਰ ਕਿਸਾਨਾਂ ਦਾ ਡਾਟਾ ਹੁਣ ਤਕ ਸਾਂਝਾ ਨਹੀਂ ਕੀਤਾ ਹੈ, ਜਿਸ ਕਾਰਨ ਇੱਥੋਂ ਦੇ ਇਕ ਵੀ ਕਿਸਾਨ ਨੂੰ ਇਸ ਯੋਜਨਾ ਦਾ ਫਾਇਦਾ ਨਹੀਂ ਮਿਲ ਸਕਿਆ ਹੈ।