7 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ, ਸਾਊਦੀ ਅਰਬ ਨੇ ਵਧਾਇਆ ਕੱਚੇ ਤੇਲ ਦਾ ਉਤਪਾਦਨ

11/02/2018 10:01:54 PM

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬੀਤੇ 16 ਦਿਨਾਂ ਤੋਂ ਕਟੌਤੀ ਜਾਰੀ ਹੈ । ਇਨ੍ਹਾਂ ਦਿਨਾਂ 'ਚ ਪੈਟਰੋਲ ਦੀ ਕੀਮਤ 'ਚ ਕਰੀਬ 4.67 ਅਤੇ ਡੀਜ਼ਲ 'ਚ ਕਰੀਬ 1.61 ਰੁਪਏ ਪ੍ਰਤੀ ਲਿਟਰ ਦੀ ਕਮੀ ਆਈ ਹੈ । ਆਉਣ ਵਾਲੇ ਦਿਨਾਂ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਰ ਗਿਰਾਵਟ ਆ ਸਕਦੀ ਹੈ । ਇਸ ਦਾ ਕਾਰਨ ਇਹ ਹੈ ਕਿ ਕੌਮਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਆ ਰਹੀ ਹੈ ।
ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ ਰਹੇਗਾ, ਜਿਸ ਨਾਲ ਪੈਟਰੋਲ-ਡੀਜ਼ਲ ਦੀ ਕੀਮਤ 'ਚ 7 ਰੁਪਏ ਤੱਕ ਦੀ ਕਮੀ ਹੋ ਸਕਦੀ ਹੈ । ਇਸ ਤੋਂ ਇਲਾਵਾ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ 'ਚ ਤੇਜ਼ੀ ਆਉਣ ਨਾਲ ਦਰਾਮਦ 'ਤੇ ਘੱਟ ਖਰਚ ਹੋ ਰਿਹਾ ਹੈ, ਜਿਸ ਨਾਲ ਰਾਹਤ ਮਿਲਣ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ । ਇਸ ਤੋਂ ਇਲਾਵਾ ਈਰਾਨ 'ਤੇ ਅਮਰੀਕੀ ਪਾਬੰਦੀਆਂ ਨੂੰ ਵੇਖਦੇ ਹੋਏ ਸਾਊਦੀ ਅਰਬ ਨੇ ਕੱਚੇ ਤੇਲ ਦਾ ਉਤਪਾਦਨ ਵਧਾ ਦਿੱਤਾ ਹੈ, ਜਿਸ ਨਾਲ ਇਸ ਦੀ ਕੀਮਤ 'ਚ ਲਗਾਤਾਰ ਗਿਰਾਵਟ ਆ ਰਹੀ ਹੈ।
ਇਸ ਲਈ ਸਸਤੇ ਹੋਣਗੇ ਪੈਟਰੋਲ-ਡੀਜ਼ਲ
ਕੇਡਿਆ ਕਮੋਡਿਟੀ ਦੇ ਡਾਇਰੈਕਟਰ ਅਜੇ ਕੇਡਿਆ ਅਨੁਸਾਰ ਬੀਤੇ ਕੁੱਝ ਦਿਨਾਂ 'ਚ ਕੱਚੇ ਤੇਲ ਦੇ ਉਤਪਾਦਨ 'ਚ ਵਾਧਾ ਹੋਇਆ ਹੈ, ਜਦਕਿ ਮੰਗ 'ਚ ਕਮੀ ਆਈ ਹੈ । ਇਸ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਹੋ ਰਹੀ ਹੈ । ਇਸ ਤੋਂ ਇਲਾਵਾ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਅਤੇ ਰੁਪਏ 'ਚ ਸੁਧਾਰ ਕਾਰਨ ਕੱਚੇ ਤੇਲ ਦੀ ਕੀਮਤ 'ਚ ਗਿਰਾਵਟ ਆ ਰਹੀ ਹੈ । ਅਜੇ ਕੇਡਿਆ ਅਨੁਸਾਰ 3 ਅਕਤੂਬਰ ਨੂੰ ਕੱਚਾ ਤੇਲ ਜਿੱਥੇ 86.74 ਡਾਲਰ ਪ੍ਰਤੀ ਬੈਰਲ ਚੱਲ ਰਿਹਾ ਸੀ, ਜੋ ਅੱਜ ਘਟ ਕੇ 72.79 'ਤੇ ਆ ਗਿਆ ਹੈ । ਆਉਣ ਵਾਲੇ ਦਿਨਾਂ 'ਚ ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਹੋ ਸਕਦਾ ਹੈ । ਅਜਿਹੇ 'ਚ ਇਕ ਮਹੀਨੇ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 6 ਤੋਂ 7 ਰੁਪਏ ਤੱਕ ਦੀ ਕਮੀ ਆ ਸਕਦੀ ਹੈ ।
1 ਰੁਪਏ ਦੀ ਛੋਟ ਵਾਪਸ ਲੈ ਸਕਦੀਆਂ ਹਨ ਕੰਪਨੀਆਂ
ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਕਾਰਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੀ ਕਮੀ ਹੋ ਰਹੀ ਹੈ । ਪੈਟਰੋਲ ਦੀਆਂ ਕੀਮਤਾਂ 'ਚ ਪਿਛਲੇ 16 ਦਿਨਾਂ ਤੋਂ ਰੋਜ਼ ਗਿਰਾਵਟ ਦਰਜ ਕੀਤੀ ਜਾ ਰਹੀ ਹੈ । ਅਜਿਹੇ 'ਚ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਰਕਾਰ ਤੇਲ ਕੰਪਨੀਆਂ ਤੋਂ ਇਕ ਰੁਪਏ ਦੀ ਛੋਟ ਵਾਪਸ ਲੈਣ ਨੂੰ ਕਹਿ ਸਕਦੀ ਹੈ । ਜ਼ਿਕਰਯੋਗ ਹੈ ਕਿ ਪੈਟਰੋਲ-ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ 'ਤੇ ਨਕੇਲ ਕੱਸਣ ਲਈ ਕੇਂਦਰ ਸਰਕਾਰ ਨੇ 4 ਅਕਤੂਬਰ ਨੂੰ 1.50 ਰੁਪਏ ਪ੍ਰਤੀ ਲਿਟਰ ਵੈਟ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਨਾਲ ਹੀ ਤੇਲ ਕੰਪਨੀਆਂ ਵੱਲੋਂ ਪ੍ਰਤੀ ਲਿਟਰ 1 ਰੁਪਏ ਦੀ ਕਟੌਤੀ ਕਰਨ ਦਾ ਆਦੇਸ਼ ਦਿੱਤਾ ਗਿਆ ਸੀ ।