ਝਟਕਾ! ਪੈਟਰੋਲ, ਡੀਜ਼ਲ ਕੀਮਤਾਂ 'ਚ ਜਲਦ 5 ਰੁ: ਤੱਕ ਦਾ ਹੋ ਸਕਦਾ ਹੈ ਵਾਧਾ

05/29/2020 8:38:54 AM

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਕੀਮਤਾਂ 'ਚ ਅਗਲੇ ਮਹੀਨੇ 4-5 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਜੂਨ 'ਚ ਲਾਕਡਾਊਨ ਹਟਣ ਜਾਂ ਹੋਰ ਢਿੱਲ ਮਿਲਣ ਤੋਂ ਬਾਅਦ ਪੈਟਰੋਲ, ਡੀਜ਼ਲ ਦੀਆਂ ਰੋਜ਼ਾਨਾ ਕੀਮਤਾਂ 'ਚ ਸੋਧ ਮੁੜ ਸ਼ੁਰੂ ਕਰਨ ਦੀ ਤਿਆਰੀ 'ਚ ਹਨ। ਹਾਲਾਂਕਿ, ਕੀਮਤਾਂ 'ਚ ਇਹ ਵਾਧਾ ਇਕਦਮ ਨਹੀਂ ਹੋਵੇਗਾ ਇਸ 'ਚ ਰੋਜ਼ਾਨਾ ਥੋੜ੍ਹੇ-ਥੋੜ੍ਹੇ ਪੈਸੇ-ਪੈਸੇ ਕਰਕੇ ਵਾਧਾ ਕੀਤਾ ਜਾਵੇਗਾ।

ਤੇਲ ਮਾਰਕੀਟਿੰਗ ਕੰਪਨੀਆਂ (ਓ. ਐੱਮ. ਸੀ.) ਦੇ ਅਧਿਕਾਰਤ ਸੂਤਰਾਂ ਮੁਤਾਬਕ, ਕੋਵਿਡ-19 ਨਾਲ ਸੰਬੰਧਤ ਲਾਕਡਾਊਨ 'ਚ ਹੋਰ ਢਿੱਲ ਮਗਰੋਂ ਰੋਜ਼ਾਨਾ ਕੀਮਤਾਂ ਦੀ ਸਮੀਖਿਆ ਨੂੰ ਦੁਬਾਰਾ ਸ਼ੁਰੂ ਕਰਨ ਲਈ ਪਿਛਲੇ ਹਫਤੇ ਤੇਲ ਪ੍ਰਚੂਨ ਵਿਕਰੇਤਾਵਾਂ ਨਾਲ ਸਥਿਤੀ ਦਾ ਮੁਲਾਂਕਣ ਕਰਨ ਲਈ ਤੇ ਰੋਡ ਮੈਪ ਤਿਆਰ ਕਰਨ ਲਈ ਇਕ ਮੀਟਿੰਗ ਕੀਤੀ ਸੀ। ਜੇਕਰ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਮਾਮੂਲੀ ਸੋਧ ਲਈ ਸਹਿਮਤੀ ਦਿੰਦੀ ਹੈ ਤਾਂ ਕਿ ਓ. ਐੱਮ. ਸੀ. ਨੂੰ ਲਾਗਤ ਤੋਂ ਘੱਟ ਕੀਮਤ 'ਤੇ ਤੇਲ ਵੇਚ ਕੇ ਵੱਡੇ ਘਾਟੇ 'ਚ ਪੈਣ ਤੋਂ ਰੋਕਿਆ ਜਾ ਸਕੇ, ਤਾਂ ਜੂਨ 'ਚ ਪੈਟਰੋਲ, ਡੀਜ਼ਲ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਸ਼ੁਰੂ ਕੀਤੀ ਜਾ ਸਕਦੀ ਹੈ।

ਕੀ ਹੋਵੇਗੀ ਰਣਨੀਤੀ-
ਓ. ਐੱਮ. ਸੀ. ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਵਿਕਰੀ ਮੁੱਲ ਵਿਚਕਾਰ ਦਾ ਫਰਕ ਲਗਭਗ 4-5 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਚੁੱਕਾ ਹੈ। ਇਸ ਘਾਟੇ ਨੂੰ ਕਵਰ ਕਰਨ ਲਈ ਤੇਲ ਕੀਮਤਾਂ 'ਚ ਕੁਝ ਹਫਤਿਆਂ ਦੌਰਾਨ 40-50 ਪੈਸੇ ਪ੍ਰਤੀ ਦਿਨ ਦਾ ਵਾਧਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਸਰਕਾਰੀ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਨੂੰ ਇਕ ਹੱਦ ਤੋਂ ਅੱਗੇ ਵਧਣ ਦੀ ਆਗਿਆ ਨਹੀਂ ਹੋਵੇਗੀ ਭਾਵੇਂ ਕਿ ਰੋਜ਼ਾਨਾ ਕੀਮਤਾਂ 'ਚ ਸੋਧ ਮੁੜ ਚਾਲੂ ਹੋ ਜਾਵੇ। ਇਸ ਦਾ ਮਤਲਬ ਹੈ ਕਿ ਤੇਲ ਕੀਮਤਾਂ 'ਚ ਹਰ ਦਿਨ ਮਾਮੂਲੀ 20 ਤੋਂ 40 ਪੈਸੇ ਜਾਂ ਇਸ ਤੋਂ ਘੱਟ ਵਾਧਾ ਹੋ ਸਕਦਾ ਹੈ, ਜਦੋਂ ਤੱਕ ਤੇਲ ਕੰਪਨੀਆਂ ਲਾਗਤ ਤੇ ਵਿਕਰੀ ਮੁਲ ਦੇ ਪਾੜੇ ਨੂੰ ਕਵਰ ਨਹੀਂ ਕਰ ਲੈਂਦੀਆਂ।

Sanjeev

This news is Content Editor Sanjeev