ਨੌਕਰੀਪੇਸ਼ਾ ਲੋਕਾਂ ਦੀ ਤਰ੍ਹਾਂ ਹੀ ਮਿਲੇਗੀ ਪੈਨਸ਼ਨ, ਇਹ ਹੈ ਸਰਕਾਰ ਦੀ ਸਕੀਮ

03/07/2021 3:52:58 PM

ਨਵੀਂ ਦਿੱਲੀ— ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੈਨਸ਼ਨ ਯੋਜਨਾ ਨਾਲ ਜੁੜਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੇਕਰ ਤੁਹਾਡੀ ਉਮਰ 18 ਸਾਲ ਅਤੇ 40 ਸਾਲ ਵਿਚਕਾਰ ਹੈ ਤਾਂ ਤੁਸੀਂ 1,000 ਰੁਪਏ ਤੋਂ 5,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲਈ ਸਰਕਾਰੀ ਸਕੀਮ ਲੈ ਸਕਦੇ ਹੋ। ਇਹ ਸਕੀਮ ਹੈ 'ਅਟਲ ਪੈਨਸ਼ਨ ਯੋਜਨਾ'।

ਕੀ ਹੈ ਸਕੀਮ-
ਸਰਕਾਰ ਦੀ 'ਅਟਲ ਪੈਨਸ਼ਨ ਯੋਜਨਾ' ਵਿਚ 18 ਸਾਲ ਤੋਂ 40 ਸਾਲ ਦਾ ਕੋਈ ਵੀ ਭਾਰਤੀ ਨਾਗਰਿਕ ਨਿਵੇਸ਼ ਕਰ ਸਕਦਾ ਹੈ ਅਤੇ ਪੈਨਸ਼ਨ ਦਾ ਫਾਇਦਾ ਉਠਾ ਸਕਦਾ ਹੈ। ਇਸ ਯੋਜਨਾ ਵਿਚ ਸ਼ਾਮਲ ਹੋ ਕੇ ਤੁਸੀਂ 60 ਸਾਲ ਦੀ ਉਮਰ ਤੋਂ ਬਾਅਦ ਨੌਕਰੀਪੇਸ਼ਾ ਲੋਕਾਂ ਦੀ ਤਰ੍ਹਾਂ ਹੀ ਪੈਨਸ਼ਨ ਪਾਉਣ ਦੇ ਹੱਕਦਾਰ ਬਣ ਜਾਂਦੇ ਹੋ। ਇਸ ਯੋਜਨਾ ਵਿਚ ਵੱਖ-ਵੱਖ ਪਲਾਨ ਹਨ, ਜਿਸ ਦੇ ਹਿਸਾਬ ਨਾਲ ਤੁਹਾਨੂੰ ਕਿਸ਼ਤ ਦੇਣੀ ਹੁੰਦੀ ਹੈ। ਬਚਤ ਖਾਤੇ ਤੋਂ ਆਟੋ ਡੈਬਿਟ ਮਾਧਿਅਮ ਨਾਲ ਤੁਸੀਂ ਹਰ ਮਹੀਨੇ ਜਾਂ ਤਿਮਾਹੀ ਜਾਂ ਛਿਮਾਹੀ ਵਿਚ ਨਿਵੇਸ਼ ਕਰਨ ਦਾ ਬਦਲ ਚੁਣ ਸਕਦੇ ਹੋ। 

18 ਸਾਲ ਦੀ ਉਮਰ ਤੋਂ ਇਸ ਯੋਜਨਾ ਵਿਚ ਹਰ ਮਹੀਨੇ 210 ਰੁਪਏ ਦਾ ਨਿਵੇਸ਼ ਕਰਨ ਵਾਲੇ ਵਿਅਕਤੀ 60 ਸਾਲ ਦੀ ਉਮਰ ਤੋਂ ਬਾਅਦ ਪ੍ਰਤੀ ਮਹੀਨਾ 5,000 ਰੁਪਏ ਪੈਨਸ਼ਨ ਪਾ ਸਕਦੇ ਹਨ। ਇੰਨੀ ਹੀ ਪੈਨਸ਼ਨ ਲਈ 40 ਸਾਲ ਦੀ ਉਮਰ ਵਿਚ ਇਸ ਯੋਜਨਾ ਨਾਲ ਜੁੜਨ 'ਤੇ ਹਰ ਮਹੀਨੇ 1,454 ਰੁਪਏ ਦਾ ਯੋਗਦਾਨ ਕਰਨਾ ਹੋਵੇਗਾ। 'ਅਟਲ ਪੈਨਸ਼ਨ ਯੋਜਨਾ' ਵਿਚ 1000, 2000, 3000, 4000 ਅਤੇ 5000 ਰੁਪਏ ਹਰ ਮਹੀਨੇ ਪੈਨਸ਼ਨ ਲੈਣ ਦੇ ਵੱਖ-ਵੱਖ ਪਲਾਨ ਹਨ।

ਖਾਤਾ ਹੋਣਾ ਲਾਜ਼ਮੀ-
ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਤੁਹਾਡਾ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਇਹ ਸਕੀਮ ਤੁਸੀਂ ਇੰਟਰਨੈੱਟ ਬੈਂਕਿੰਗ ਜ਼ਰੀਏ ਵੀ ਲੈ ਸਕਦੇ ਹੋ ਅਤੇ ਬੈਂਕ ਜਾ ਕੇ ਵੀ ਫਾਰਮ ਭਰ ਕੇ ਇਸ ਨਾਲ ਜੁੜ ਸਕਦੇ ਹੋ। ਇਕ ਵਾਰ ਇਸ ਨੂੰ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਇਸ ਨੂੰ ਵਿਚਕਾਰ ਵਿਚ ਬੰਦ ਨਹੀਂ ਕਰ ਸਕਦੇ ਹੋ ਅਤੇ ਜੇਕਰ ਕਿਸ਼ਤ ਦੇਣੀ ਬੰਦ ਕਰ ਦਿੰਦੇ ਹੋ ਤਾਂ ਜਮ੍ਹਾ ਕੀਤਾ ਪੈਸਾ ਨਹੀਂ ਮਿਲੇਗਾ। ਹਾਲਾਂਕਿ, ਬੀਮਾਰੀ ਦੀ ਹਾਲਤ ਜਾਂ ਵਿਚਕਾਰ ਵਿਚ ਮੌਤ ਹੋ ਜਾਣ ਦੀ ਸਥਿਤੀ ਵਿਚ ਪੈਸਾ ਮਿਲ ਜਾਂਦਾ ਹੈ। ਇਸ ਯੋਜਨਾ ਦੇ ਹੋਰ ਵੀ ਫਾਇਦੇ ਹਨ, ਜੋ ਤੁਸੀਂ ਬੈਂਕ 'ਚ ਲੈਣ ਵੇਲੇ ਜਾਣ ਸਕਦੇ ਹੋ।

ਇਹ ਵੀ ਪੜ੍ਹੋ- ਇਸੇ ਮਹੀਨੇ ਕਰ ਲਓ ਬੈਂਕ ਤੇ ਟੈਕਸ ਨਾਲ ਜੁੜੇ ਕੰਮ, ਨਹੀਂ ਤਾਂ ਹੋਏਗੀ ਦਿੱਕਤ

ਸਰਕਾਰ ਦੀ ਪੈਨਸ਼ਨ ਸਕੀਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

Sanjeev

This news is Content Editor Sanjeev