ਕਿਸਾਨਾਂ ਦਾ ਚਿਹਰਾ ਮੁਰਝਾ ਸਕਦੀ ਹੈ ਬਾਸਮਤੀ, ਈਰਾਨ 'ਚ ਫਸੀ ਪੇਮੈਂਟ

07/20/2019 11:02:53 AM

ਜਲੰਧਰ, (ਬੀ. ਡੈਸਕ)— ਮੌਜੂਦਾ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ 'ਚ ਈਰਾਨ ਨੂੰ ਰਿਕਾਰਡ ਸਪਲਾਈ ਨੇ ਬਾਸਮਤੀ ਬਰਾਮਦ ਨੂੰ ਇਕ ਨਵੀਂ ਉਚਾਈ 'ਤੇ ਪਹੁੰਚਾ ਦਿੱਤਾ ਹੈ ਪਰ ਬਰਾਮਦਕਾਰ ਇਸ ਨਾਲ ਖੁਸ਼ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਇਸ ਦੀ ਪੇਮੈਂਟ ਮਿਲਣ 'ਚ ਦੇਰੀ ਹੋ ਰਹੀ ਹੈ। 1 ਲੱਖ ਟਨ ਬਾਸਮਤੀ ਦੀ 1,000 ਕਰੋੜ ਰੁਪਏ ਪੇਮੈਂਟ ਫਸ ਗਈ ਹੈ। ਇਸ ਕਾਰਨ ਬਾਸਮਤੀ ਕਿਸਾਨਾਂ ਨੂੰ ਵੀ ਅੱਗੋਂ ਭੁਗਤਾਨ ਮਿਲਣ 'ਚ ਦੇਰੀ ਹੋ ਸਕਦੀ ਹੈ। ਜੇਕਰ ਭੁਗਤਾਨ 'ਚ ਸਮੱਸਿਆ ਲੰਮੇ ਸਮੇਂ ਤਕ ਬਣੀ ਰਹੀ ਤਾਂ ਇਸ ਨਾਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ ਕਿਉਂਕਿ ਕੁੱਲ ਬਾਸਮਤੀ ਬਰਾਮਦ 'ਚ ਇਨ੍ਹਾਂ ਦੋਹਾਂ ਰਾਜਾਂ ਦਾ ਯੋਗਦਾਨ ਹੁਣ ਤਕ 70-75 ਫੀਸਦੀ ਰਿਹਾ ਹੈ ਤੇ ਨਵੀਂ ਫਸਲ ਪੱਕਣ 'ਤੇ ਕੀਮਤਾਂ 'ਚ ਗਿਰਾਵਟ ਆ ਸਕਦੀ ਹੈ।
 

 

 

ਬਰਾਮਦਕਾਰਾਂ ਨੇ ਇਸ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਕੋਲੋਂ ਸਹਾਇਤਾ ਮੰਗੀ ਹੈ। ਖੇਤੀਬਾੜੀ ਤੇ ਪ੍ਰੋਸੈੱਸਡ ਫੂਡ ਬਰਾਮਦ ਵਿਕਾਸ ਅਥਾਰਟੀ ਮੁਤਾਬਕ, ਇਸ ਸਾਲ ਅਪ੍ਰੈਲ-ਮਈ ਦੌਰਾਨ ਬਾਸਮਤੀ ਬਰਾਮਦ 8.64 ਲੱਖ ਟਨ 'ਤੇ ਪਹੁੰਚ ਗਈ, ਜੋ ਪਿਛਲੇ ਸਾਲ ਇਸ ਦੌਰਾਨ 7.45 ਲੱਖ ਟਨ ਰਹੀ ਸੀ। ਇਸ 'ਚੋਂ 3.33 ਲੱਖ ਟਨ ਬਾਸਮਤੀ ਈਰਾਨ ਨੂੰ ਵੇਚੀ ਗਈ ਹੈ, ਜੋ ਪਿਛਲੇ ਸਾਲ ਇਸ ਦੌਰਾਨ 2.41 ਲੱਖ ਟਨ ਰਹੀ ਸੀ। ਭਾਰਤੀ ਬਾਸਮਤੀ ਲਈ ਈਰਾਨ ਇਕ ਪ੍ਰਮੁੱਖ ਬਾਜ਼ਾਰ ਰਿਹਾ ਹੈ। ਸਾਲ 2018-19 ਦੌਰਾਨ ਭਾਰਤ ਦੀ ਕੁੱਲ ਬਾਸਮਤੀ ਬਰਾਮਦ ਦਾ ਲਗਭਗ 34 ਫੀਸਦੀ ਇਕੱਲੇ ਈਰਾਨ ਨੇ ਖਰੀਦਿਆ ਸੀ।
ਬਰਾਮਦਕਾਰਾਂ ਦਾ ਕਹਿਣਾ ਹੈ ਕਿ ਈਰਾਨ ਸਰਕਾਰ ਨੇ ਬਿਨਾਂ ਕੋਈ ਪਹਿਲਾਂ ਸੂਚਨਾ ਦਿੱਤੇ ਈਰਾਨੀ ਖਰੀਦਦਾਰਾਂ ਨੂੰ ਭਾਰਤੀ ਕਰੰਸੀ ਜਾਰੀ ਕਰਨੀ ਬੰਦ ਕਰ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦੀ ਪੇਂਮੈਂਟ ਫਸ ਗਈ ਹੈ। ਤਕਰੀਬਨ 1000 ਕਰੋੜ ਰੁਪਏ ਮੁੱਲ ਦੀ 1 ਲੱਖ ਟਨ ਬਾਸਮਤੀ ਈਰਾਨੀ ਬੰਦਰਗਾਹਾਂ 'ਤੇ ਫਸੀ ਪਈ ਹੈ। ਬਰਾਮਦਕਾਰਾਂ ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਕਾਮਰਸ ਮੰਤਰਾਲਾ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਸੰਬੰਧੀ ਈਰਾਨ ਨਾਲ ਗੱਲ ਕਰਨ ਤਾਂ ਜੋ ਉਨ੍ਹਾਂ ਨੂੰ ਭੁਗਤਾਨ ਮਿਲ ਸਕੇ ਅਤੇ ਅੱਗੋਂ ਹੋਰ ਸਪਲਾਈ ਕਰ ਸਕਣ। ਬਰਾਮਦਕਾਰਾਂ ਦਾ ਕਹਿਣਾ ਹੈ ਕਿ ਜੇਕਰ ਵਪਾਰ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਕਾਰ ਸਭ ਕੁਝ ਠੀਕ ਰਿਹਾ ਤਾਂ ਇਸ ਵਿੱਤੀ ਸਾਲ 'ਚ ਈਰਾਨ ਨੂੰ ਬਰਾਮਦ 14 ਲੱਖ ਟਨ ਤਕ ਪਹੁੰਚ ਸਕਦੀ ਹੈ, ਜੋ ਪਿਛਲੇ ਸਾਲ 11 ਲੱਖ ਟਨ ਰਹੀ ਸੀ ਪਰ ਪੇਮੈਂਟ 'ਚ ਦੇਰੀ ਨਾਲ ਕਿਸਾਨਾਂ ਲਈ ਪ੍ਰੇਸ਼ਾਨੀ ਖੜ੍ਹੀ ਹੋਵੇਗੀ।