ਯਾਤਰੀਆਂ ਨੂੰ ਹੁਣ ਇਸ ਏਅਰ ਲਾਈਨ ਵਿਚ ਨਹੀਂ ਮਿਲੇਗਾ ਗਰਮ ਭੋਜਨ, ਲਾਕਡਾਉਨ ਤੋਂ ਬਾਅਦ ਬਦਲ ਜਾਣਗੇ ਨਿਯਮ

04/30/2020 5:17:55 PM

ਨਵੀਂ ਦਿੱਲੀ - ਵਿਸਤਾਰਾ ਏਅਰਲਾਇੰਸ ਨੇ ਵੀਰਵਾਰ ਨੂੰ ਕਿਹਾ ਕਿ ਲਾਕਡਾਉਨ ਦੀ ਮਿਆਦ ਤੋਂ ਬਾਅਦ ਘਰੇਲੂ ਉਡਾਣਾਂ 'ਤੇ ਯਾਤਰੀਆਂ ਨੂੰ ਮਿਲਣ ਵਾਲੀਆਂ ਬਹੁਤ ਸਾਰੀਆਂ ਸੇਵਾਵਾਂ ਵਿਚ ਅਸਥਾਈ ਬਦਲਾਅ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਨ੍ਹਾਂ ਬਦਲਾਅ ਤੋਂ ਬਾਅਦ ਉਡਾਣ ਦੌਰਾਨ ਮਨੁੱਖੀ ਆਪਸੀ ਤਾਲਮੇਲ ਵਿਚ 80 ਪ੍ਰਤੀਸ਼ਤ ਤੱਕ ਕਮੀ ਆਵੇਗੀ। ਕੰਪਨੀ ਨੇ ਕੋਰੋਨਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਘਰੇਲੂ ਫਲਾਈਟਸ ਦੀ ਪ੍ਰੀਮੀਅਮ ਇਕੋਨਮੀ ਕਲਾਸ ਅਤੇ ਇਕਾਨਮੀ ਕਲਾਸ ਲਈ ਇਹ ਬਦਲਾਅ ਕੀਤਾ ਗਿਆ ਹੈ।

ਨਹੀਂ ਮਿਲੇਗਾ ਵੈਲਕਮ ਡ੍ਰਿੰਕ ਅਤੇ ਗਰਮ ਭੋਜਨ

ਕੰਪਨੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਡਾਣ ਦੌਰਾਨ ਮਿਲਣ ਵਾਲੇ ਮੀਲ ਦੇ ਵਿਕਲਪਾਂ ਵਿਚ ਕਮੀ ਕੀਤੀ ਗਈ ਹੈ। ਇਸ ਦੇ ਤਹਿਤ ਹੁਣ ਯਾਤਰੀਆਂ ਨੂੰ ਆਨਬੋਰਡ ਸੇਲਸ, ਵੈਲਕਮ ਡ੍ਰਿੰਕ, ਗਰਮ ਭੋਜਨ ਅਤੇ ਗਰਮ ਪੀਣ ਵਾਲੇ ਪਦਾਰਥ ਹੁਣ ਨਹੀਂ ਮਿਲਣਗੇ। ਇਸ ਤੋਂ ਇਲਾਵਾ ਬਿਜ਼ਨਸ ਕਲਾਸ ਅਤੇ ਪ੍ਰੀਮੀਅਮ ਇਕਾਨਮੀ ਕਲਾਸ ਵਿਚ ਹੁਣ  ਸਟਾਰਬਕਸ ਕੌਫੀ ਉਪਲਬਧ ਨਹੀਂ ਹੋਣਗੇ। ਕੰਪਨੀ ਦੇ ਅਨੁਸਾਰ, ਹੁਣ ਸਾਰੀਆਂ ਉਡਾਣਾਂ ਵਿਚ ਕੱਪ ਵਿਚ ਖੁੱਲ੍ਹੇ ਪਾਣੀ ਦੀ ਬਜਾਏ 200 ਮਿਲੀਲੀਟਰ ਦੀ ਸੀਲਬੰਦ ਬੋਤਲ ਹੋਵੇਗੀ। ਪ੍ਰੀਮੀਅਮ ਇਕਾਨਮੀ, ਇਕਾਨਮੀ ਕੈਬਿਨ ਅਤੇ ਇਕਾਨਮੀ ਲਾਈਟ ਫੇਅਰ ਦੀ ਚੋਣ ਕਰਨ ਵਾਲੇ ਯਾਤਰੀਆਂ ਨੂੰ ਠੰਡਾ ਰਿਫਰੈਸ਼ਮੈਂਟ ਉਪਲੱਬਧ ਕਰਵਾਇਆ ਜਾਵੇਗਾ। ਏਅਰ ਲਾਈਨ ਨੇ ਕਿਹਾ ਹੈ ਕਿ ਮਨੁੱਖੀ ਸੰਪਰਕ ਨੂੰ ਘੱਟ ਕਰਨ ਲਈ ਅੰਤਰ ਰਾਸ਼ਟਰੀ ਉਡਾਣਾਂ 'ਤੇ ਉਪਲਬਧ ਸਹੂਲਤਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ।

ਕੈਬਿਨ ਚਾਲਕਾਂ ਨੂੰ ਦਿੱਤੀ ਜਾਵੇਗੀ ਸਿਖਲਾਈ 

ਵਿਸਤਾਰਾ ਏਅਰਲਾਇੰਸ ਨੇ ਕਿਹਾ ਹੈ ਕਿ ਮਨੁੱਖੀ ਸੰਪਰਕ ਨੂੰ ਘੱਟ ਕਰਨ ਅਤੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੈਬਿਨ ਕਰੂ ਮੈਂਬਰਾਂ ਨੂੰ ਲੋੜੀਂਦੀ ਸਿਖਲਾਈ ਦਿੱਤੀ ਜਾਏਗੀ। ਏਅਰਲਾਇੰਸ ਨੇ ਕਿਹਾ ਹੈ ਕਿ ਸਾਰੇ ਕੈਬਿਨ ਚਾਲਕ ਦਲ ਦੀ ਟੈਕ-ਆਫ ਤੋਂ ਪਹਿਲਾਂ ਅਤੇ ਲੈਂਡਿੰਗ ਤੋਂ ਬਾਅਦ ਥਰਮਲ ਸਕੈਨਿੰਗ ਕੀਤੀ ਜਾਵੇਗੀ। ਜੇਕਰ ਕਿਸੇ ਕਰਮਚਾਰੀ ਜਾਂ ਯਾਤਰੀ ਵਿਚ ਕੋਵਿਡ -19 ਦੇ ਸੰਕੇਤ ਦਿਖਾਈ ਦਿੰਦੇ ਹਨ, ਤਾਂ ਕੈਬਿਨ ਚਾਲਕ ਦਲ ਦੇ ਮੈਂਬਰਾਂ ਨੂੰ ਵੱਖ ਕੀਤਾ ਜਾਵੇਗਾ ਅਤੇ ਜਾਂਚ ਕੀਤੀ ਜਾਵੇਗੀ। ਕੈਬਿਨ ਕਰੂ ਮੈਂਬਰ ਨਿੱਜੀ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰਨਗੇ ਜਿਵੇਂ ਚਿਹਰੇ ਦੇ ਮਾਸਕ ਅਤੇ ਡਿਸਪੋਸੇਬਲ ਦਸਤਾਨੇ। ਸੰਪਰਕ ਕਾਰਨ ਕੋਰੋਨਾ ਫੈਲਣ ਦੇ ਖ਼ਤਰੇ ਕਾਰਨ ਕੰਪਨੀ ਨੇ ਉਡਾਨ ਦੌਰਾਨ ਰਸਾਲੇ ਅਤੇ ਹੋਰ ਸਮੱਗਰੀ ਨੂੰ ਵੀ ਹਟਾਉਣ ਦਾ ਫੈਸਲਾ ਕੀਤਾ ਹੈ।

ਦੇਸ਼ ਵਿਚ 25 ਮਾਰਚ ਤੋਂ ਬੰਦ ਹਨ ਘਰੇਲੂ ਉਡਾਣਾਂ 

ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ, ਕੇਂਦਰ ਸਰਕਾਰ ਨੇ 25 ਮਾਰਚ ਤੋਂ ਲਾਕਡਾਉਨ ਲਾਗੂ ਕੀਤਾ ਹੋਇਆ ਹੈ। ਉਦੋਂ ਤੋਂ ਹੀ ਦੇਸ਼ ਵਿਚ ਘਰੇਲੂ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ, ਅੰਤਰਰਾਸ਼ਟਰੀ ਉਡਾਣਾਂ 22 ਮਾਰਚ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ। ਵਰਤਮਾਨ ਸਮੇਂ ਵਿਚ ਵਪਾਰਕ ਉਡਾਣਾਂ 3 ਮਈ ਲਾਕਡਾਉਨ ਪੀਰੀਅਡ ਤੱਕ ਮੁਅੱਤਲ ਹਨ। ਇਸ ਦੇ ਨਾਲ ਹੀ ਸਰਕਾਰ ਨੇ ਏਅਰਲਾਈਨਾਂ ਨੂੰ ਬਿਨਾਂ ਆਦੇਸ਼ ਦਿੱਤੇ ਟਿਕਟਾਂ ਬੁੱਕ ਨਾ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਦੇਸ਼ ਵਿਚ ਕੋਰੋਨਾ ਦੇ 33 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵਿਚੋਂ 1074 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
 

Harinder Kaur

This news is Content Editor Harinder Kaur