ਤੁਹਾਡਾ PAN ਹੋ ਜਾਵੇਗਾ ਬੇਕਾਰ, ਜੇਕਰ 31 ਤਕ ਨਹੀਂ ਕੀਤਾ ਇਹ ਕੰਮ

03/10/2019 1:27:32 PM

ਨਵੀਂ ਦਿੱਲੀ— ਪੈਨ ਕਾਰਡ ਜ਼ਰੂਰੀ ਦਸਤਾਵੇਜ਼ਾਂ 'ਚੋਂ ਇਕ ਹੈ। ਇਨਕਮ ਟੈਕਸ ਰਿਟਰਨ ਭਰਨਾ ਹੋਵੇ ਜਾਂ ਫਿਰ ਬੈਂਕ 'ਚ ਖਾਤਾ ਖੁੱਲ੍ਹਵਾਉਣਾ ਹੋਵੇ, ਹਰ ਵਿੱਤੀ ਲੈਣ-ਦੇਣ ਲਈ ਪੈਨ ਕਾਰਡ ਦੀ ਜ਼ਰੂਰਤ ਹੈ ਪਰ ਜੇਕਰ 31 ਮਾਰਚ, 2019 ਤਕ ਤੁਸੀਂ ਪੈਨ ਕਾਰਡ ਨਾਲ ਆਧਾਰ ਨੰਬਰ ਨਾ ਲਿੰਕ ਕੀਤਾ ਤਾਂ ਇਹ ਰੱਦੀ ਹੋ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸਰਕਾਰ ਨੇ 11,44 ਲੱਖ ਪੈਨ ਕਾਰਡ ਜਾਂ ਤਾਂ ਬੰਦ ਕਰ ਦਿੱਤੇ ਹਨ ਜਾਂ ਫਿਰ ਉਨ੍ਹਾਂ ਨੂੰ ਅਯੋਗ ਕੈਟੇਗਰੀ 'ਚ ਪਾ ਦਿੱਤਾ ਹੈ। 31 ਮਾਰਚ ਦੀ ਸਮਾਂ ਸੀਮਾ ਬੀਤਣ ਮਗਰੋਂ ਆਧਾਰ-ਪੈਨ ਲਿੰਕ ਨਹੀਂ ਹੋ ਸਕਦਾ ਅਤੇ ਤੁਹਾਡੇ ਨਾਲ ਵੀ ਅਜਿਹਾ ਹੋ ਸਕਦਾ ਹੈ। ਇਹ ਆਖਰੀ ਮੌਕਾ ਹੈ ਜਦ ਤੁਸੀਂ ਆਪਣੇ ਪੈਨ ਕਾਰਡ ਨੂੰ ਬਚਾ ਸਕਦੇ ਹੋ।

 

ਜੇਕਰ ਅਜੇ ਤਕ ਤੁਸੀਂ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਨੂੰ ਕਾਫੀ ਪ੍ਰੇਸ਼ਾਨੀ ਹੋ ਸਕਦੀ ਹੈ, ਇਨਕਮ ਟੈਕਸ ਐਕਟ ਦੀ ਧਾਰਾ 139 ਏਏ ਤਹਿਤ ਤੁਹਾਡਾ ਪੈਨ ਕਾਰਡ ਬੇਕਾਰ ਮੰਨਿਆ ਜਾਵੇਗਾ। ਮਾਹਰਾਂ ਮੁਤਾਬਕ ਪੈਨ ਕਾਰਡ ਲਿੰਕ ਨਾ ਹੋਣ ਦੀ ਸਥਿਤੀ 'ਚ ਤੁਸੀਂ ਆਨਲਾਈਨ ਆਈ. ਟੀ. ਆਰ. ਫਾਈਲ ਨਹੀਂ ਕਰ ਸਕੋਗੇ। ਤੁਹਾਡਾ ਟੈਕਸ ਰਿਫੰਡ ਫਸ ਸਕਦਾ ਹੈ, ਇਸ ਦੇ ਨਾਲ ਹੀ ਪੈਨ ਕਾਰਡ ਰੱਦ ਹੋ ਜਾਵੇਗਾ, ਜੋ ਲੋਕ ਰਿਟਰਨ ਭਰਦੇ ਹਨ ਉਨ੍ਹਾਂ ਲਈ ਇਸ ਕੰਮ ਨੂੰ ਕਰਨਾ ਲਾਜ਼ਮੀ ਹੈ। ਇਕ ਵਾਰ ਕਾਰਡ ਰੱਦ ਹੋਣ 'ਤੇ ਫਿਰ ਬਣਾਉਣ 'ਚ ਵੀ ਮੁਸ਼ਕਲ ਹੋ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਆਖਰੀ ਤਰੀਕ ਤੋਂ ਪਹਿਲਾਂ ਇਹ ਕੰਮ ਪੂਰਾ ਕਰ ਲਓ। ਜਾਣਕਾਰਾਂ ਦਾ ਕਹਿਣਾ ਹੈ ਕਿ ਆਧਾਰ ਨਾਲ ਪੈਨ ਕਾਰਡ ਲਿੰਕ ਨਾ ਹੋਣ ਦੀ ਸਥਿਤੀ 'ਚ ਆਨਲਾਈਨ ਰਿਟਰਨ ਨਹੀਂ ਭਰੀ ਜਾ ਸਕੇਗੀ। ਇਸ ਕਾਰਨ ਤੁਹਾਡੀ ਰਿਟਰਨ ਵੀ ਅਟਕ ਸਕਦੀ ਹੈ।

 

ਇੰਝ ਕਰੋ ਪੈਨ ਨੂੰ ਆਧਾਰ ਨਾਲ ਲਿੰਕ


ਇਨਕਮ ਟੈਕਸ ਵਿਭਾਗ ਦੀ www.incometaxindiaefiling.gov.in ਵੈੱਬਸਾਈਟ 'ਤੇ ਜਾਓ। ਪੇਜ ਖੁੱਲ੍ਹਦੇ ਹੀ ਤੁਹਾਨੂੰ ਖੱਬੇ ਹੱਥ 'ਲਿੰਕ ਆਧਾਰ' ਲਿਖਿਆ ਨਜ਼ਰ ਆਵੇਗਾ। ਉਸ 'ਤੇ ਕਲਿੱਕ ਕਰੋ ਫਿਰ ਜੋ ਸਾਹਮਣੇ ਪੇਜ ਖੁੱਲ੍ਹੇਗਾ ਉੱਥੇ ਆਪਣਾ ਪੈਨ ਨੰਬਰ, ਆਧਾਰ ਨੰਬਰ ਅਤੇ ਆਧਾਰ ਕਾਰਡ ਜੋ ਨਾਮ ਹੈ ਉਹ ਭਰੋ 'ਤੇ ਸਬਮਿਟ ਕਰ ਦਿਓ। ਇਸ ਤਰ੍ਹਾਂ ਤੁਹਾਡਾ ਪੈਨ ਆਧਾਰ ਕਾਰਡ ਨਾਲ ਲਿੰਕ ਹੋ ਜਾਵੇਗਾ।

 


ਇਸ ਦੇ ਇਲਾਵਾ ਮੋਬਾਇਲ ਤੋਂ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਮੈਸੇਜ ਟਾਈਪ ਕਰੋ UIDPAN<12 ਅੰਕਾਂ ਵਾਲਾ ਆਧਾਰ ਨੰਬਰ> <10 ਅੰਕਾਂ ਵਾਲਾ ਪੈਨ ਨੰਬਰ>। ਫਿਰ ਇਸ ਨੂੰ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ 567678 ਜਾਂ 56161 'ਤੇ ਭੇਜ ਦਿਓ।