ਪਾਕਿਸਤਾਨ ਦੇ ਪ੍ਰਮੁੱਖ ਸ਼ੇਅਰ ਸੂਚਕ ਅੰਕ ’ਚ 5 ਫ਼ੀਸਦੀ ਦੀ ਗਿਰਾਵਟ, ਕਾਰੋਬਾਰ ਰੋਕਿਆ

03/10/2020 10:56:28 AM

ਇਸਲਾਮਾਬਾਦ — ਪਾਕਿਸਤਾਨ ਦੇ ਅਧਿਕਾਰੀਆਂ ਨੇ ਅੱਜ ਕਰਾਚੀ ਸਟਾਕ ਐਕਸਚੇਂਜ (ਕੇ. ਐੱਸ. ਈ.) ’ਚ ਸ਼ੁਰੂਆਤੀ ਕਾਰੋਬਾਰ ਦੌਰਾਨ ਪ੍ਰਮੁੱਖ ਸੂਚਕ ਅੰਕ ’ਚ 2,100 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਤੋਂ ਬਾਅਦ ਅਸਥਾਈ ਤੌਰ ’ਤੇ ਕਾਰੋਬਾਰ ਰੋਕ ਦਿੱਤਾ। ਕੇ. ਐੱਸ. ਈ. 100 ਸੂਚਕ ਅੰਕ 2,106.78 ਅੰਕਾਂ ਜਾਂ 5.51 ਫ਼ੀਸਦੀ ਦੀ ਗਿਰਾਵਟ ਨਾਲ 36,112.89 ’ਤੇ ਆ ਗਿਆ।

ਖਬਰਾਂ ਮੁਤਾਬਕ ਸੂਚਕ ਅੰਕ ’ਚ ਤੇਜ਼ ਗਿਰਾਵਟ ਤੋਂ ਬਾਅਦ ਕੇ. ਐੱਸ. ਈ. ’ਚ 45 ਮਿੰਟ ਲਈ ਕਾਰੋਬਾਰ ਬੰਦ ਕਰ ਦਿੱਤਾ ਗਿਆ। ਸਥਾਨਕ ਨਿਯਮਾਂ ਅਨੁਸਾਰ ਜੇਕਰ ਸੂਚਕ ਅੰਕ 4.5 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਡਿੱਗਦਾ ਹੈ ਤਾਂ ਕਾਰੋਬਾਰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਜਾਂਦਾ ਹੈ। ਇਸ ਰੋਕ ਤੋਂ ਬਾਅਦ ਕਾਰੋਬਾਰ ਦੁਬਾਰਾ ਸ਼ੁਰੂ ਹੋਣ ’ਤੇ ਵੀ ਸ਼ੇਅਰਾਂ ’ਚ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ। ਕੌਮਾਂਤਰੀ ਬਾਜ਼ਾਰਾਂ ’ਚ ਕੱਚੇ ਤੇਲ ਦੀਆਂ ਡਿੱਗਦੀਆਂ ਕੀਮਤਾਂ ਅਤੇ ਦੁਨੀਆ ਦੇ ਸ਼ੇਅਰ ਬਾਜ਼ਾਰਾਂ ’ਚ ਦਬਾਅ ਦਾ ਅਸਰ ਕੇ. ਐੱਸ. ਈ. ’ਚ ਵੀ ਵੇਖਿਆ ਗਿਆ। ਚੀਨ ਵਲੋਂ ਦਰਾਮਦ ’ਤੇ ਰੋਕ ਲੱਗਣ ਦਾ ਨਾਂਹ-ਪੱਖੀ ਅਸਰ ਵੀ ਕੇ. ਐੱਸ. ਈ. ’ਤੇ ਵੇਖਿਆ ਗਿਆ।