EPFO ਪੈਨਸ਼ਨਰਾਂ ਨੂੰ ਨਵੇਂ ਸਾਲ ਦਾ ਤੋਹਫਾ, 6 ਲੱਖ ਤੋਂ ਵੱਧ ਲੋਕਾਂ ਨੂੰ ਹੋਣ ਜਾ ਰਿਹੈ ਫਾਇਦਾ

12/28/2019 10:16:32 AM

ਨਵੀਂ ਦਿੱਲੀ— ਸਰਕਾਰ ਜਲਦ ਹੀ ਈ. ਪੀ. ਐੱਫ. ਓ. ਪੈਨਸ਼ਨਰਾਂ ਨੂੰ ਗੁੱਡ ਨਿਊਜ਼ ਦੇਣ ਜਾ ਰਹੀ ਹੈ। ਕਿਰਤ ਮੰਤਰਾਲਾ 1 ਜਨਵਰੀ 2020 ਤੋਂ ਕਰਮਚਾਰੀ ਪੈਨਸ਼ਨ ਸਕੀਮ (ਈ. ਪੀ. ਐੱਸ.) ਤਹਿਤ ਕਮਿਊਟੇਸ਼ਨ ਜਾਂ ਪੈਨਸ਼ਨ ਫੰਡ ਦਾ ਇਕ ਹਿੱਸਾ ਐਡਵਾਂਸ 'ਚ ਕਢਵਾਉਣ ਦਾ ਨਿਯਮ ਬਹਾਲ ਕਰਨ ਜਾ ਰਿਹਾ ਹੈ। ਇਸ ਨਾਲ ਉਨ੍ਹਾਂ 6.3 ਲੱਖ ਈ. ਪੀ. ਐੱਫ. ਓ. ਪੈਨਸ਼ਨਰਾਂ ਨੂੰ ਵੀ ਫਾਇਦਾ ਹੋਵੇਗਾ, ਜਿਨ੍ਹਾਂ ਨੇ 2009 ਤੋਂ ਪਹਿਲਾਂ ਇਸ ਬਦਲ ਨੂੰ ਚੁੱਣਿਆ ਸੀ।

 

ਪਹਿਲਾਂ ਈ. ਪੀ. ਐੱਫ. ਓ. ਨੇ ਪੈਨਸ਼ਨ ਫੰਡ 'ਚੋਂ ਇਕਮੁਸ਼ਤ ਛੋਟੀ ਨਿਕਾਸੀ ਯਾਨੀ ਕਮਿਊਟੇਸ਼ਨ ਦੀ ਸੁਵਿਧਾ 2009 'ਚ ਬੰਦ ਕਰ ਦਿੱਤੀ ਸੀ। ਇਸ ਸੁਵਿਧਾ ਤਹਿਤ ਪੈਨਸ਼ਨਧਾਰਕ ਨੂੰ ਐਡਵਾਂਸ 'ਚ ਪੈਨਸ਼ਨ ਦਾ ਇਕ ਹਿੱਸਾ ਇਕਮੁਸ਼ਤ ਦੇ ਦਿੱਤਾ ਜਾਂਦਾ ਹੈ ਅਤੇ 15 ਸਾਲ ਲਈ ਉਸ ਦੀ ਮਹੀਨਾਵਾਰ ਪੈਨਸ਼ਨ 'ਚ ਇਕ ਤਿਹਾਈ ਦੀ ਕਟੌਤੀ ਕੀਤੀ ਜਾਂਦੀ ਹੈ।
ਸੂਤਰਾਂ ਮੁਤਾਬਕ, ਕਿਰਤ ਮੰਤਰਾਲਾ ਇਸ ਸੰਬੰਧੀ 1 ਜਨਵਰੀ 2020 ਨੂੰ ਨੋਟੀਫਿਕੇਸ਼ਨ ਜਾਰੀ ਕਰ ਸਕਦਾ ਹੈ। ਇਸ 'ਚ ਰਿਟਾਇਰਮੈਂਟ ਬਾਡੀ 'ਕਰਮਚਾਰੀ ਪ੍ਰੋਵੀਡੈਂਟ ਫੰਡ ਸੰਸਥਾ (ਈ. ਪੀ. ਐੱਫ. ਓ.)' ਨੂੰ ਕਰਮਚਾਰੀ ਪੈਨਸ਼ਨ ਸਕੀਮ ਤਹਿਤ ਇਕਮੁਸ਼ਤ ਰਾਸ਼ੀ ਲੈਣ ਦਾ ਸਿਸਟਮ ਬਹਾਲ ਕਰਨ ਨੂੰ ਕਿਹਾ ਜਾਵੇਗਾ। ਇਸ ਸਿਸਟਮ ਤਹਿਤ ਇਕਮੁਸ਼ਤ ਰਾਸ਼ੀ ਲੈਣ 'ਤੇ 15 ਸਾਲ ਤਕ ਪੈਨਸ਼ਨ ਦਾ ਇਕ ਤਿਹਾਈ ਹਿੱਸਾ ਕੱਟ ਕੇ ਮਿਲਦਾ ਹੈ। ਪੰਦਰਾਂ ਸਾਲ ਪੂਰੇ ਹੋ ਜਾਣ 'ਤੇ ਪੈਨਸ਼ਨ ਫਿਰ ਪੂਰੀ ਮਿਲਣ ਲੱਗ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਕਰਮਚਾਰੀਆਂ ਨੂੰ ਪੈਨਸ਼ਨ ਦਾ ਐਡਵਾਂਸ ਹਿੱਸਾ ਲੈਣ ਦੀ ਸੁਵਿਧਾ ਮਿਲਦੀ ਸੀ ਪਰ ਸਾਲ 2009 'ਚ ਇਹ ਬੰਦ ਕਰ ਦਿੱਤੀ ਗਈ ਸੀ। ਫਿਰ ਅਗਸਤ 2019 'ਚ ਇਹ ਵਿਵਸਥਾ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਪਰ ਹੁਣ ਤਕ ਬਹਾਲ ਨਹੀਂ ਹੋ ਸਕੀ। ਹੁਣ ਕਿਹਾ ਜਾ ਰਿਹਾ ਹੈ ਕਿ ਇਹ 1 ਜਨਵਰੀ 2020 ਤੋਂ ਲਾਗੂ ਹੋ ਸਕਦੀ ਹੈ।