ਪਿਆਜ਼ ਜਲਦ ਹੋ ਸਕਦੇ ਹਨ ਸਸਤੇ, ਸਰਕਾਰ ਨੇ ਬਰਾਮਦ ''ਤੇ ਲਾਈ ਰੋਕ

09/29/2019 3:29:08 PM

ਨਵੀਂ ਦਿੱਲੀ— ਸਰਕਾਰ ਨੇ ਘਰੇਲੂ ਬਾਜ਼ਾਰਾਂ 'ਚ ਸਪਲਾਈ ਵਧਾਉਣ ਲਈ ਪਿਆਜ਼ਾਂ ਦੀ ਬਰਾਮਦ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਾ ਦਿੱਤੀ ਹੈ। ਇਸ ਨਾਲ ਜਲਦ ਹੀ ਇਨ੍ਹਾਂ ਦੀਆਂ ਕੀਮਤਾਂ 'ਚ ਕਮੀ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਬਾਹਰਲੇ ਬਾਜ਼ਾਰਾਂ ਨੂੰ ਸਪਲਾਈ ਘਟਾਉਣ ਲਈ ਇਸ ਦਾ ਘੱਟੋ-ਘੱਟ ਬਰਾਮਦ ਮੁੱਲ 850 ਡਾਲਰ (ਲਗਭਗ 60,400 ਰੁਪਏ) ਪ੍ਰਤੀ ਟਨ ਨਿਰਧਾਰਤ ਕਰ ਦਿੱਤਾ ਸੀ, ਜਿਸ ਤੋਂ ਘੱਟ ਕੀਮਤ 'ਤੇ ਬਰਾਮਦ ਨਹੀਂ ਹੋ ਸਕਦੀ ਸੀ ਪਰ ਹੁਣ ਸਰਕਾਰ ਨੇ ਕੀਮਤਾਂ 'ਤੇ ਲਗਾਮ ਨਾ ਲੱਗਦੀ ਦੇਖ ਬਰਾਮਦ 'ਤੇ ਰੋਕ ਲਾ ਦਿੱਤੀ ਹੈ।

 

ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਸਾਰੀਆਂ ਕਿਸਮਾਂ ਦੇ ਪਿਆਜ਼ਾਂ ਦੀ ਬਰਾਮਦ 'ਤੇ ਰੋਕ ਲਾਈ ਗਈ ਹੈ। ਕਾਮਰਸ ਤੇ ਇੰਡਸਟਰੀ ਮੰਤਰਾਲਾ ਨੇ ਕਿਹਾ ਕਿ ਇਹ ਰੋਕ ਅਗਲੇ ਹੁਕਮਾਂ ਤਕ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਪਲਾਈ ਵਧਾਉਣ ਲਈ ਹਾਲ ਹੀ 'ਚ ਕੌਮਾਂਤਰੀ ਬਾਜ਼ਾਰਾਂ ਤੋਂ ਇਸ ਦੀ ਦਰਾਮਦ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ। ਇਸ ਸਾਲ ਕਈ ਰਾਜਾਂ 'ਚ ਹੜ੍ਹ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ।

ਉਂਝ ਭਾਰਤ 'ਚ ਸਾਲਾਨਾ ਲਗਭਗ 1.7-1.8 ਕਰੋੜ ਟਨ ਪਿਆਜ਼ ਦਾ ਉਤਪਾਦਨ ਹੁੰਦਾ ਹੈ ਅਤੇ 15 ਲੱਖ ਟਨ ਬਰਾਮਦ ਕੀਤਾ ਜਾਂਦਾ ਹੈ। ਇਸ ਸਾਲ ਹੜ੍ਹ ਕਾਰਨ ਸਪਲਾਈ ਘਟਣ ਤੇ ਜਮ੍ਹਾਖੋਰੀ ਕਾਰਨ ਪਿਆਜ਼ ਤਕਰੀਬਨ 50-60 ਰੁਪਏ ਕਿਲੋ ਵਿਕ ਰਹੇ ਹਨ। ਹਾਲਾਂਕਿ, ਨਰਾਤੇ ਸ਼ੁਰੂ ਹੋਣ ਨਾਲ ਇਨ੍ਹਾਂ ਦੀ ਕੀਮਤ ਘਟਣੀ ਸ਼ੁਰੂ ਹੋ ਗਈ ਹੈ। ਦਿੱਲੀ ਦੀ ਆਜ਼ਾਦਪੁਰ ਮੰਡੀ ਤੇ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਪਿਆਜ਼ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ 'ਤੇ ਬ੍ਰੇਕ ਲੱਗ ਗਈ ਹੈ।ਉੱਥੇ ਹੀ, ਬਫਰ ਸਟਾਕ 'ਚੋਂ ਸੂਬਿਆਂ ਨੂੰ ਇਸ ਦੀ ਸਪਲਾਈ ਵਧਾਈ ਜਾ ਰਹੀ ਹੈ। ਸਰਕਾਰ ਨੇ ਨਾਫੇਡ ਨੂੰ ਵੀ ਖੁੱਲ੍ਹੇ ਬਾਜ਼ਾਰ 'ਚ ਪਿਆਜ਼ ਵੇਚਣ ਲਈ ਕਿਹਾ ਹੈ।