ਕਿਸਾਨਾਂ ਦੇ ਹਿੱਤ ਲਈ ਬਰਾਮਦ ''ਚ 1 ਜਨਵਰੀ ਤੋਂ ਢਿੱਲ, ਗੰਢੇ ਮਹਿੰਗੇ ਹੋਣੇ ਸ਼ੁਰੂ

12/30/2020 11:12:15 PM

ਨਵੀਂ ਦਿੱਲੀ- ਸਰਕਾਰ ਵੱਲੋਂ ਗੰਢਿਆਂ ਦੀ ਬਰਾਮਦ 'ਤੇ ਪਾਬੰਦੀ ਹਟਾਉਣ ਦੇ ਐਲਾਨ ਦੇ ਨਾਲ ਹੀ ਇਸ ਦੀਆਂ ਕੀਮਤਾਂ ਵਧਣੀਆਂ ਫਿਰ ਸ਼ੁਰੂ ਹੋ ਗਈਆਂ ਹਨ। ਸਰਕਾਰ ਨੇ ਕਿਸਾਨਾਂ ਦਾ ਹਿੱਤ ਦੇਖ਼ਦੇ ਹੋਏ 1 ਜਨਵਰੀ ਤੋਂ ਗੰਢਿਆਂ ਦੀ ਬਰਾਮਦ 'ਤੇ ਪਾਬੰਦੀ ਹਟਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਇਨ੍ਹਾਂ ਦੀ ਕੀਮਤਾਂ ਵਿਚ 28 ਫ਼ੀਸਦੀ ਦਾ ਇਜ਼ਾਫ਼ਾ ਹੋ ਚੁੱਕਾ ਹੈ। ਥੋਕ ਬਾਜ਼ਾਰ ਵਿਚ ਇਸ ਦੀਅਆਂ ਕੀਮਤਾਂ ਹੁਣ ਤੱਕ 28 ਤੋਂ 30 ਫ਼ੀਸਦੀ ਤੱਕ ਵੱਧ ਚੁੱਕੀਆਂ ਹਨ।

ਵਪਾਰੀਆਂ ਦਾ ਕਹਿਣਾ ਹੈ ਕਿ ਸਾਉਣੀ ਮੌਸਮ ਦੇ ਗੰਢੇ ਆਉਣੇ ਸ਼ੁਰੂ ਹੋ ਗਏ ਹਨ। ਇਸ ਦੇ ਬਾਵਜੂਦ ਗੰਢਿਆਂ ਦੀ ਕੀਮਤ ਵਿਚ ਅਜੇ ਨਰਮੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਬਰਾਮਦ 'ਤੇ ਪਾਬੰਦੀ ਹਟਾਏ ਜਾਣ ਤੋਂ ਬਾਅਦ ਇਨ੍ਹਾਂ ਦੀ ਕੀਮਤ ਵਧਣੀ ਤੈਅ ਹੋ ਗਈ ਹੈ।

ਇਹ ਵੀ ਪੜ੍ਹੋ- 2020 : ਸੋਨੇ ਨੇ ਦਿੱਤਾ ਸ਼ਾਨਦਾਰ ਰਿਟਰਨ, '21 'ਚ ਵੀ ਚਮਕ ਰਹੇਗੀ ਬਰਕਰਾਰ

ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਮਹਾਰਾਸ਼ਟਰ ਦੀ ਲਾਸਲਗਾਓਂ ਵਿਚ ਮੰਗਲਵਾਰ ਨੂੰ ਗੰਢਿਆਂ ਦੀ ਕੀਮਤ 23 ਰੁਪਏ ਕਿਲੋ ਚੱਲ ਰਹੀ ਸੀ, ਜਦੋਂ ਕਿ ਸੋਮਵਾਰ ਨੂੰ ਇਨ੍ਹਾਂ ਦੀ ਕੀਮਤ 18 ਰੁਪਏ ਕਿਲੋ ਸੀ। ਘੱਟ ਪੈਦਾਵਾਰ ਦੀ ਵਜ੍ਹਾ ਨਾਲ ਪਿਛਲੇ ਦਿਨੀਂ ਗੰਢਿਆਂ ਦੀ ਕੀਮਤ 80 ਰੁਪਏ ਕਿਲੋ ਤੱਕ ਪਹੁੰਚ ਗਈ ਸੀ। ਇਸ ਤੋਂ ਬਾਅਦ ਸਰਕਾਰ ਨੇ ਕੀਮਤਾਂ ਕਾਬੂ ਕਰਨ ਲਈ ਇਸ ਦੀ ਬਰਾਮਦ 'ਤੇ ਪਾਬੰਦੀ ਲਾ ਦਿੱਤੀ ਸੀ ਪਰ ਹੁਣ ਇਹ ਹਟਣ ਨਾਲ ਕੀਮਤਾਂ ਵਿਚ ਵਾਧਾ ਹੋਣ ਲੱਗਾ ਹੈ। ਭਾਰਤੀ ਗੰਢਿਆਂ ਦੇ ਮੁੱਖ ਖ਼ਰੀਦਦਾਰ ਇੰਡੋਨੇਸ਼ੀਆ, ਮਲੇਸ਼ੀਆ, ਸ਼੍ਰੀਲੰਕਾ, ਨੇਪਾਲ ਅਤੇ ਮੱਧ ਪੂਰਬ ਦੇ ਦੇਸ਼ ਹਨ।

ਇਹ ਵੀ ਪੜ੍ਹੋ- UK 'ਚ Oxford ਟੀਕੇ ਨੂੰ ਹਰੀ ਝੰਡੀ, ਭਾਰਤ ਵੀ ਦੇ ਸਕਦੈ ਜਲਦ ਮਨਜ਼ੂਰੀ

ਇਸ ਸਮੇਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਰਾਜਸਥਾਨ ਵਿਚ ਖੇਤਾਂ ਵਿਚੋਂ ਗੰਢਿਆਂ ਦੀ ਤਿਆਰ ਫ਼ਸਲ ਕੱਢੀ ਜਾ ਰਹੀ ਹੈ। ਅਗਲੇ ਮਹੀਨੇ ਗੁਜਰਾਤ ਅਤੇ ਪੱਛਮੀ ਬੰਗਾਲ ਵਿਚ ਗੰਢਿਆਂ ਦੀ ਫ਼ਸਲ ਤਿਆਰ ਹੋ ਜਾਵੇਗੀ। ਬਰਾਮਦਕਾਰਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਰਚ ਦੇ ਅੰਤ ਤੱਕ ਛੇ ਤੋਂ ਸੱਤ ਲੱਖ ਟਨ ਗੰਢਿਆਂ ਦੀ ਬਰਾਮਦ ਕੀਤੀ ਜਾਏਗੀ। ਇਸ ਸਾਲ ਗੰਢਿਆਂ ਦੀ ਬਰਾਮਦ 15 ਲੱਖ ਟਨ ਤੱਕ ਪਹੁੰਚ ਸਕਦੀ ਹੈ। ਕੌਮਾਂਤਰੀ ਬਾਜ਼ਾਰ ਵਿਚ ਗੰਢਿਆਂ ਦੀਆਂ ਕੀਮਤਾਂ 400 ਡਾਲਰ ਪ੍ਰਤੀ ਟਨ ਦੇ ਪੱਧਰ ਤੇ ਚੱਲ ਰਹੀਆਂ ਹਨ।

ਇਹ ਵੀ ਪੜ੍ਹੋ- ਵੱਡੀ ਰਾਹਤ! ਸਰਕਾਰ ਨੇ ਇਨਕਮ ਟੈਕਸ ਰਿਟਰਨ ਭਰਨ ਦੀ ਤਾਰੀਖ਼ ਵਧਾਈ

Sanjeev

This news is Content Editor Sanjeev