ਪਿਆਜ਼ ਦਾ ਥੋਕ ਮੁੱਲ 100 ਤੋਂ ਪਾਰ, ਹੋਰ ਹਿੱਲੇਗਾ ਰਸੋਈ ਦਾ ਬਜਟ

12/17/2019 3:22:03 PM

ਨਵੀਂ ਦਿੱਲੀ—  ਪਿਆਜ਼ ਤੁਹਾਡੀ ਰਸੋਈ ਦਾ ਬਜਟ ਹੋਰ ਵਿਗਾੜ ਸਕਦਾ ਹੈ। ਸਪਲਾਈ 'ਚ ਕਮੀ ਕਾਰਨ ਮੰਗਲਵਾਰ ਨੂੰ ਦਿੱਲੀ ਅਤੇ ਹੋਰ ਥਾਵਾਂ 'ਤੇ ਪਿਆਜ਼ ਦੀਆਂ ਥੋਕ ਕੀਮਤਾਂ 'ਚ ਨਵੀਂ ਉਚਾਈ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ ਦੀ ਅਜ਼ਾਦਪੁਰ ਮੰਡੀ 'ਚ ਪਿਆਜ਼ ਦੀ ਥੋਕ ਕੀਮਤ 112.50 ਰੁਪਏ ਪ੍ਰਤੀ ਕਿਲੋ 'ਤੇ ਪੁੱਜ ਗਈ, ਜਦੋਂ ਕਿ ਹਲਕੀ ਗੁਣਵੱਤਾ ਵਾਲੇ ਦੀ ਕੀਮਤ 37.50 ਰੁਪਏ ਰਹੀ।

 

ਪਿਆਜ਼ ਵਪਾਰੀਆਂ ਦਾ ਕਹਿਣਾ ਹੈ ਕਿ ਘਰੇਲੂ ਸਪਲਾਈ 'ਚ ਭਾਰੀ ਗਿਰਾਵਟ ਵਿਚਕਾਰ ਜੇਕਰ ਅਫਗਾਨਿਸਤਾਨ ਤੋਂ ਪਿਆਜ਼ ਦੀ ਆਮਦ ਨਾ ਵਧੀ ਤਾਂ ਦਿੱਲੀ 'ਚ ਕੀਮਤ 200 ਰੁਪਏ ਪ੍ਰਤੀ ਕਿਲੋ ਨੂੰ ਪਾਰ ਕਰ ਜਾਵੇਗੀ। ਉੱਥੇ ਹੀ, ਥੋਕ ਕੀਮਤਾਂ 'ਚ ਤੇਜ਼ੀ ਦਾ ਅਸਰ ਆਉਣ ਵਾਲੇ ਦਿਨਾਂ 'ਚ ਪ੍ਰਚੂਨ ਬਾਜ਼ਾਰ 'ਤੇ ਦੇਖਣ ਨੂੰ ਮਿਲੇਗਾ। ਸੋਮਵਾਰ ਨੂੰ ਦਿੱਲੀ ਤੇ ਐੱਨ. ਸੀ. ਆਰ. ਦੇ ਪ੍ਰਚੂਨ ਬਾਜ਼ਾਰਾਂ 'ਚ ਪਿਆਜ਼ ਦੀ ਕੀਮਤ 100-150 ਰੁਪਏ ਕਿਲੋ ਵਿਚਕਾਰ ਸੀ।
ਵਪਾਰੀਆਂ ਨੇ ਆਉਣ ਵਾਲੇ ਦਿਨਾਂ 'ਚ ਪਿਆਜ਼ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਕਿ ਬਾਰਸ਼ ਹੋਣ ਪਿੱਛੋਂ ਕਈ ਜਗ੍ਹਾ ਕਿਸਾਨਾਂ ਨੇ ਫਸਲ ਦੀ ਪੁਟਾਈ ਬੰਦ ਕਰ ਦਿੱਤੀ ਹੈ, ਜਿਸ ਕਾਰਨ ਸਪਲਾਈ 'ਚ ਕਮੀ ਹੋਈ ਹੈ। 'ਏ. ਪੀ. ਐੱਮ. ਸੀ.' ਦੇ ਡਾਟਾ ਮੁਤਾਬਕ ਮੰਗਲਵਾਰ ਨੂੰ ਦਿੱਲੀ ਦੀ ਅਜ਼ਾਦਪੁਰ ਮੰਡੀ 'ਚ ਕੁੱਲ ਮਿਲਾ ਕੇ ਤਕਰੀਬਨ 566.5 ਟਨ ਪਿਆਜ਼ ਪੁੱਜਾ, ਜਿਸ 'ਚ 279.1 ਟਨ ਬਾਹਰੋਂ ਦਰਾਮਦ ਹੋਇਆ ਪਿਆਜ਼ ਸੀ।