25 ਰੁ: ਕਿਲੋ ਤਕ ਸਸਤਾ ਹੋ ਸਕਦਾ ਹੈ ਪਿਆਜ਼, ਸਪਲਾਈ ਵਧੀ

12/11/2019 3:39:09 PM

ਮੁੰਬਈ— ਪਿਆਜ਼ ਦੀਆਂ ਕੀਮਤਾਂ 'ਤੇ ਜਲਦ ਰਾਹਤ ਮਿਲ ਸਕਦੀ ਹੈ। ਮਹਾਰਾਸ਼ਟਰ, ਗੁਜਰਾਤ ਤੇ ਕਰਨਾਟਕ ਤੋਂ ਸਪਲਾਈ ਵਧਣ ਨਾਲ ਅਗਲੇ ਦੋ ਹਫਤਿਆਂ 'ਚ ਇਨ੍ਹਾਂ ਦੀ ਕੀਮਤ 'ਚ 50 ਫੀਸਦੀ ਤਕ ਦੀ ਕਮੀ ਹੋਣ ਦੀ ਸੰਭਾਵਨਾ ਹੈ। ਮਹਾਰਾਸ਼ਟਰ ਦੀ ਲਾਸਲਗਾਓਂ ਮੰਡੀ 'ਚ ਪਿਆਜ਼ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜੋ ਏਸ਼ੀਆ ਦੀ ਸਭ ਤੋਂ ਵੱਡੀ ਥੋਕ ਪਿਆਜ਼ ਮੰਡੀ ਹੈ।

ਲਾਸਲਗਾਓਂ ਏ. ਪੀ. ਐੱਮ. ਸੀ. ਦੇ ਚੇਅਰਮੈਨ ਸੁਵਰਣ ਜਗਤਾਪ ਨੇ ਬੀ. ਐੱਸ. ਨੂੰ ਕਿਹਾ ਕਿ ਪਿਆਜ਼ ਦਾ ਮੁੱਲ ਘੱਟ ਕੇ ਜਨਵਰੀ 2020 ਤਕ 20-25 ਰੁਪਏ ਪ੍ਰਤੀ ਕਿਲੋ ਵਿਚਕਾਰ ਰਹਿ ਜਾਣ ਦੀ ਸੰਭਾਵਨਾ ਹੈ, ਜਦੋਂ ਕਿ ਅਗਲੇ ਦੋ ਹਫਤਿਆਂ 'ਚ ਇਸ ਦਾ ਮੁੱਲ 30-35 ਰੁਪਏ ਪ੍ਰਤੀ ਕਿਲੋ ਤਕ ਦੇਖਣ ਨੂੰ ਮਿਲ ਸਕਦਾ ਹੈ।

ਕਿਸਾਨਾਂ ਵੱਲੋਂ ਮੌਜੂਦਾ ਕੀਮਤਾਂ ਦਾ ਫਾਇਦਾ ਲੈਣ ਲਈ ਪਿਆਜ਼ ਦੀ ਜਲਦਬਾਜ਼ੀ 'ਚ ਕੀਤੀ ਜਾ ਰਹੀ ਪੁਟਾਈ ਕਾਰਨ ਸਪਲਾਈ ਵਧੀ ਹੈ, ਜਿਸ ਕਾਰਨ ਕੀਮਤਾਂ 'ਚ ਕਮੀ ਆਈ ਹੈ, ਖਾਸ ਕਰਕੇ ਲਾਲ ਪਿਆਜ਼ ਦੀ ਸਪਲਾਈ ਵਧੀ ਹੈ, ਜਿਸ 'ਚ ਨਮੀ ਦੀ ਮਾਤਰਾ ਕਾਫੀ ਹੋਣ ਕਾਰਨ ਤਿੰਨ ਦਿਨ ਤੋਂ ਜ਼ਿਆਦਾ ਸਮੇਂ ਤਕ ਜਮ੍ਹਾ ਕਰਕੇ ਨਹੀਂ ਰੱਖਿਆ ਜਾ ਸਕਦਾ। ਉੱਥੇ ਹੀ, ਰਾਸ਼ਟਰੀ ਬਾਗਬਾਨੀ ਰਿਸਰਚ ਤੇ ਵਿਕਾਸ ਸੰਸਥਾਨ ਦੇ ਡਾਟਾ ਮੁਤਾਬਕ, ਬੁੱਧਵਾਰ ਨੂੰ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੀ ਲਾਸਲਗਾਓਂ ਮੰਡੀ 'ਚ ਪਿਆਜ਼ ਦੀ ਔਸਤ ਥੋਕ ਕੀਮਤ 55 ਰੁਪਏ ਪ੍ਰਤੀ ਕਿਲੋ ਰਹੀ, ਜਦੋਂ ਕਿ ਵੱਧ ਤੋਂ ਵੱਧ 70.51 ਰੁਪਏ ਪ੍ਰਤੀ ਕਿਲੋ ਤੇ ਘੱਟੋ-ਘੱਟ 11 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ।