ਇਸ ਇਕ ਗਲਤੀ ਨੇ ਮਾਲਿਆ ਨੂੰ ਕਰ ਦਿੱਤਾ ਬਰਬਾਦ, ਜਾਣੋ ਕੀ ਹੈ ਕਹਾਣੀ

04/20/2017 9:28:43 AM

ਨਵੀਂ ਦਿੱਲੀ— ਵਿਜੈ ਮਾਲਿਆ ''ਤੇ ਕਾਨੂੰਨ ਦਾ ਸ਼ਿਕੰਜਾ ਹੌਲੀ-ਹੌਲੀ ਕੱਸਣ ਲੱਗਾ ਹੈ। ਮੰਗਲਵਾਰ ਨੂੰ ਯੂ. ਕੇ. ''ਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਕੁਝ ਘੰਟੇ ਬਾਅਦ ਹੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਹੁਣ ਮਾਲਿਆ ਦੀ ਹਵਾਲਗੀ ''ਤੇ ਲੰਡਨ ਦੀ ਅਦਾਲਤ ''ਚ 17 ਮਈ ਨੂੰ ਸੁਣਵਾਈ ਹੋਵੇਗੀ। ਇਕ ਸਮੇਂ ''ਕਿੰਗ ਆਫ ਗੁੱਡ ਟਾਈਮ'' ਕਹੇ ਜਾਣ ਵਾਲੇ ਮਾਲਿਆ ਦਾ ਸਮਾਂ ਸਿਰਫ ਇਕ ਗਲਤ ਕਦਮ ਕਾਰਨ ਖਰਾਬ ਹੋ ਗਿਆ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਉਹ ਗਲਤੀ ਜਿਸ ਦਾ ਨਤੀਜਾ ਉਨ੍ਹਾਂ ਦੀ ਗ੍ਰਿਫਤਾਰੀ ਦੇ ਰੂਪ ''ਚ ਸਾਹਮਣੇ ਆਇਆ। ਮਾਲਿਆ ''ਤੇ ਬੈਂਕਾਂ ਦਾ ਲਗਭਗ 9000 ਕਰੋੜ ਰੁਪਿਆ ਬਕਾਇਆ ਹੈ। ਕਰਜ਼ ਉਗਾਹੀ ਲਈ ਹਾਲ ਹੀ ''ਚ ਉਨ੍ਹਾਂ ਦੇ ਇਕ ਬੰਗਲੇ ਦੀ ਵਿਕਰੀ ਵੀ ਹੋਈ ਹੈ। 

ਇਹ ਸੀ ਵੱਡੀ ਗਲਤੀ ਦੀ ਸ਼ੁਰੂਆਤ
ਪ੍ਰੀਮੀਅਮ ਸੇਵਾਵਾਂ ਲਈ ਮੰਨੀ ਜਾਣ ਵਾਲੀ ਕਿੰਗਫਿਸ਼ਰ ਏਅਰਲਾਈਨ ਦੀ ਸਥਾਪਨਾ 2003 ''ਚ ਹੋਈ ਸੀ। ਇਸ ਦੀ ਮਲਕੀਅਤ ਵਿਜੈ ਮਾਲਿਆ ਦੀ ਅਗਵਾਈ ਵਾਲੇ ਯੂਨਾਈਟਿਡ ਬ੍ਰੇਵਰੀਜ਼ ਗਰੁੱਪ ਕੋਲ ਸੀ। 2005 ''ਚ ਇਸ ਦਾ ਵਪਾਰਕ ਸੰਚਾਲਨ ਸ਼ੁਰੂ ਹੋਇਆ। ਕੁਝ ਸਮੇਂ ਅੰਦਰ ਹੀ ਇਹ ਹਵਾਬਾਜ਼ੀ ਖੇਤਰ ਦੀ ਵੱਡੀ ਕੰਪਨੀ ਬਣ ਗਈ। ਉਸ ਦੌਰ ''ਚ ਪ੍ਰੀਮੀਅਮ ਸੇਵਾਵਾਂ ''ਚ ਇਸ ਦਾ ਕੋਈ ਜੋੜ ਨਹੀਂ ਸੀ। ਹਾਲਾਂਕਿ, ਕੰਪਨੀ ਨੂੰ ਇਸ ਲਈ ਭਾਰੀ ਰਕਮ ਖਰਚਣੀ ਪੈ ਰਹੀ ਸੀ, ਜਿਸ ਕਾਰਨ ਉਸ ਨੂੰ ਖਰਚਾ ਕੱਢਣਾ ਮੁਸ਼ਕਿਲ ਹੋ ਰਿਹਾ ਸੀ। ਅਜਿਹੇ ''ਚ ਕੰਪਨੀ ਨੇ ਦੇਸ਼ ਦੀ ਇਕ ਘੱਟ ਖਰਚੇ ਵਾਲੀ ਹਵਾਬਾਜ਼ੀ ਕੰਪਨੀ ਖਰੀਦਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਹ ਕੋਸ਼ਿਸ਼ 2007 ''ਚ ਸਫਲ ਹੋਈ ਪਰ ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਵੱਲ ਕਦਮ ਵਧਾ ਦਿੱਤਾ ਸੀ। 
ਇਨ੍ਹਾਂ ਕਦਮਾਂ ਕਾਰਨ ਬੰਦ ਹੋ ਗਈ ਕਿੰਗਫਿਸ਼ਰ
2007 ਤੋਂ 2010 ਵਿਚਕਾਰ ਤੇਲ ਦੀਆਂ ਕੀਮਤਾਂ ਬਹੁਤ ਵਧ ਗਈਆਂ ਸਨ, ਇਸ ਦੇ ਬਾਵਜੂਦ ਕਿੰਗਫਿਸ਼ਰ ਦਾ ਫਾਲਤੂ ਖਰਚਾ ਜਾਰੀ ਰਿਹਾ। ਹਾਲਤ ਇਹ ਸੀ ਕਿ ਉਡਾਣ ਲੇਟ ਹੋਣ ''ਤੇ ਯਾਤਰੀਆਂ ਨੂੰ ਫਾਈਵ ਸਟਾਰ ਹੋਟਲਾਂ ''ਚ ਠਹਿਰਾਇਆ ਜਾਂਦਾ ਸੀ ਅਤੇ ਉਨ੍ਹਾਂ ਨੂੰ ਅਨਲਿਮਟਿਡ ਬੀਅਰ ਅਤੇ ਸਨੈਕਸ ਦਿੱਤੇ ਜਾਂਦੇ ਸਨ। ਇਸ ਦਾ ਕੰਪਨੀ ਦੇ ਮੁਨਾਫੇ ''ਤੇ ਬਹੁਤ ਵੱਡਾ ਅਸਰ ਪਿਆ। ਕਿੰਗਫਿਸ਼ਰ ਨੂੰ ਲਗਾਤਾਰ ਘਾਟਾ ਹੋ ਰਿਹਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਦੇਸ਼ ਦੀ ਨੰਬਰ ਵਨ ਕੰਪਨੀ ਬਣਨ ਦੀ ਹੋੜ ਜਾਰੀ ਰੱਖੀ ਅਤੇ 2007 ''ਚ ਏਅਰ ਡੈਕਨ ਨੂੰ ਖਰੀਦਿਆ। 
ਇਸ ਲਈ 30 ਕਰੋੜ ਡਾਲਰ ਦੀ ਭਾਰੀ ਰਕਮ ਖਰਚ ਕੀਤੀ ਗਈ, ਜੋ ਉਸ ਸਮੇਂ ਲਗਭਗ 1200 ਕਰੋੜ ਰੁਪਏ ਦੇ ਬਰਾਬਰ ਸੀ। ਇਸ ਸੌਦੇ ਤੋਂ ਮਾਲਿਆ ਨੂੰ ਤਤਕਾਲ ਫਾਇਦਾ ਵੀ ਹੋਇਆ ਅਤੇ 2011 ''ਚ ਕਿੰਗਫਿਸ਼ਰ ਦੇਸ਼ ਦੀ ਦੂਜੀ ਸਭ ਤੋਂ ਵੱਡੀ ਹਵਾਬਾਜ਼ੀ ਕੰਪਨੀ ਬਣ ਗਈ ਪਰ ਮਾਲਿਆ ਕਿੰਗਫਿਸ਼ਰ ਨੂੰ ਮਜ਼ਬੂਤੀ ਦੇਣ ਦੀ ਰਣਨੀਤੀ ''ਚ ਬੁਰੀ ਤਰ੍ਹਾਂ ਫੇਲ੍ਹ ਹੋ ਗਏ। ਬਾਅਦ ''ਚ ਉਨ੍ਹਾਂ ਨੇ ਦੋਹਾਂ ਏਅਰਲਾਈਨਾਂ ਦਾ ਰਲੇਵਾਂ ਕਰ ਦਿੱਤਾ ਅਤੇ ਫਿਰ ਏਅਰ ਡੈਕਨ ਦਾ ਨਾਮ ਬਦਲ ਕੇ ਕਿੰਗਫਿਸ਼ਰ ਰੈੱਡ ਹੋ ਗਿਆ। ਇਸ ਤਰ੍ਹਾਂ ਕੰਪਨੀ ਇਕ ਹੀ ਬ੍ਰਾਂਡ ਕਿੰਗਫਿਸ਼ਰ ਤਹਿਤ ਸਸਤੀਆਂ ਅਤੇ ਪ੍ਰੀਮੀਅਮ ਸੇਵਾਵਾਂ ਦੇਣ ਲੱਗੀ। ਪਹਿਲੀ ਕਿੰਗਫਿਸ਼ਰ ਦੇ ਇਕਨਾਮੀ ਯਾਤਰੀਆਂ ਨੇ ਕਿੰਗਫਿਸ਼ਰ ਰੈੱਡ ਵੱਲ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਮਾਲਿਆ ਨੇ ਕਿੰਗਫਿਸ਼ਰ ਰੈੱਡ ਦਾ ਕਿਰਾਇਆ ਵਧਾਉਣ ਦਾ ਫੈਸਲਾ ਕੀਤਾ ਤਾਂ ਗਾਹਕ ਇੰਡੀਗੋ ਜਾਂ ਸਪਾਈਸ ਜੈੱਟ ਵਰਗੀਆਂ ਸਸਤੀਆਂ ਏਅਰਲਾਈਨਾਂ ਵੱਲ ਜਾਣ ਲੱਗੇ। ਦਰਅਸਲ ਰਲੇਵੇਂ ਤੋਂ ਬਾਅਦ ਮਾਲਿਆ ਨੂੰ ਉਮੀਦ ਸੀ ਕਿ ਏਅਰ ਡੈਕਨ ਦੇ ਗਾਹਕ ਕਿੰਗਫਿਸ਼ਰ ਵੱਲ ਰੁਖ਼ ਕਰਨਗੇ ਪਰ ਇਸ ਦਾ ਉਲਟਾ ਹੋਣ ਲੱਗਾ। ਆਖਰ ਏਅਰ ਡੈਕਨ (ਕਿੰਗਫਿਸ਼ਰ ਰੈੱਡ) ਦੇ ਗਾਹਕ ਦੂਜੀਆਂ ਸਸਤੀਆਂ ਏਅਰਲਾਈਨਾਂ ਵੱਲ ਜਾਣ ਲੱਗੇ। ਇਸ ਤਰ੍ਹਾਂ ਉਸ ਨੂੰ ਲਗਾਤਾਰ ਘਾਟਾ ਪੈਣ ਲੱਗਾ ਅਤੇ ਉਸ ''ਤੇ ਕਰਜ਼ਾ ਵਧ ਗਿਆ ਅਤੇ ਅਕਤੂਬਰ 2012 ''ਚ ਕਿੰਗਫਿਸ਼ਰ ਏਅਰਲਾਈਨ ਬੰਦ ਹੋ ਗਈ।