ਮਈ ’ਚ ਹਵਾਈ ਆਵਾਜਾਈ ਫਿਰ ਵਾਧੇ ਦੇ ਰਸਤੇ ’ਤੇ, ਮੁਸਾਫਰਾਂ ਦੀ ਗਿਣਤੀ 2.96 ਫੀਸਦੀ ਵਧੀ

06/19/2019 9:03:34 AM

ਨਵੀਂ ਦਿੱਲੀ - ਅਪ੍ਰੈਲ ’ਚ ਗਿਰਾਵਟ ਦਾ ਸਾਹਮਣਾ ਕਰਨ ਤੋਂ ਬਾਅਦ ਘਰੇਲੂ ਹਵਾਈ ਖੇਤਰ ਦੀ ਸਥਿਤੀ ਮਈ ’ਚ ਫਿਰ ਤੋਂ ਵਾਧੇ ਦੇ ਰਸਤੇ ’ਤੇ ਰਹੀ। ਹਵਾਬਾਜ਼ੀ ਰੈਗੂਲੇਟਰੀ ਸ਼ਹਿਰੀ ਹਵਾਬਾਜ਼ੀ ਡਾਇਰਾਕਟਰ ਜਨਰਲ (ਡੀ. ਜੀ. ਸੀ. ਏ.) ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ ਮਈ ’ਚ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ ’ਚ 2.96 ਫੀਸਦੀ ਦਾ ਵਾਧਾ ਰਿਹਾ। ਇਸ ਤੋਂ ਪਹਿਲਾਂ ਅਪ੍ਰੈਲ 2019 ’ਚ ਇਸ ’ਚ ਅਪ੍ਰੈਲ 2018 ਦੇ ਮੁਕਾਬਲੇ 4.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ ।

ਅੰਕੜਿਆਂ ਮੁਤਾਬਕ ਇਸ ਸਾਲ ਮਈ ’ਚ ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 1.22 ਕਰੋਡ਼ ਰਹੀ, ਜੋ ਮਈ 2018 ’ਚ 1.18 ਕਰੋਡ਼ ਸੀ। ਇਹ ਸਿੱਧੇ 2.96 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ।       ਅਪ੍ਰੈਲ ’ਚ ਹਵਾਈ ਮੁਸਾਫਰਾਂ ਦੀ ਗਿਣਤੀ ’ਚ ਗਿਰਾਵਟ ਦੀ ਮੁੱਖ ਵਜ੍ਹਾ 17 ਅਪ੍ਰੈਲ ਨੂੰ ਜੈੱਟ ਏਅਰਵੇਜ਼ ਦਾ ਆਪਣਾ ਸੰਚਾਲਨ ਅਸਥਾਈ ਤੌਰ ’ਤੇ ਬੰਦ ਕਰਨਾ ਰਹੀ। ਕੰਪਨੀ ਨੇ ਵਿੱਤੀ ਸਥਿਤੀ ਖਰਾਬ ਹੋਣ ਕਾਰਨ ਇਹ ਫੈਸਲਾ ਕੀਤਾ ਸੀ। ਅੰਕੜਿਆਂ ਅਨੁਸਾਰ ਘਰੇਲੂ ਹਵਾਈ ਮੁਸਾਫਰਾਂ ਦੇ ਮਾਮਲੇ ’ਚ 49 ਫੀਸਦੀ ਹਿੱਸੇਦਾਰੀ ਦੇ ਨਾਲ ਮਈ ’ਚ ਇੰਡੀਗੋ ਚੋਟੀ ’ਤੇ ਬਣੀ ਰਹੀ। ਸਪਾਈਸ ਜੈੱਟ ਦੀ ਬਾਜ਼ਾਰ ਹਿੱਸੇਦਾਰੀ ਅਪ੍ਰੈਲ ਦੇ 13.1 ਫੀਸਦੀ ਦੇ ਮੁਕਾਬਲੇ ਵਧ ਕੇ ਮਈ ’ਚ 14.8 ਫੀਸਦੀ ਹੋ ਗਈ। ਇਸ ਕਾਰਨ ਕੰਪਨੀ ਦੂਜੇ ਸਥਾਨ ’ਤੇ ਰਹੀ। ਏਅਰ ਇੰਡੀਆ, ਗੋਏਅਰ, ਏਅਰ ਏਸ਼ੀਆ ਅਤੇ ਵਿਸਤਾਰਾ ਦੀ ਬਾਜ਼ਾਰ ਹਿੱਸੇਦਾਰੀ ਕ੍ਰਮਵਾਰ 13.5 ਫੀਸਦੀ, 11.1 ਫੀਸਦੀ, 6.3 ਫੀਸਦੀ ਅਤੇ 4.7 ਫੀਸਦੀ ਰਹੀ।