ਮਹਿੰਗਾ ਹੋ ਸਕਦਾ ਹੈ BS-VI ਪੈਟਰੋਲ ਤੇ ਡੀਜ਼ਲ, ਲੱਗੇਗਾ ਸਪੈਸ਼ਲ ਚਾਰਜ!

02/26/2020 1:40:24 PM

ਨਵੀਂ ਦਿੱਲੀ— ਬੀ. ਐੱਸ.-6 ਪੈਟਰੋਲ-ਡੀਜ਼ਲ ਮਹਿੰਗਾ ਹੋ ਸਕਦਾ ਹੈ। ਇਸ ਦਾ ਕਾਰਨ ਹੈ ਕਿ ਦੇਸ਼ ਦੇ ਸਰਕਾਰੀ ਤੇ ਨਿੱਜੀ ਖੇਤਰ ਦੇ ਤੇਲ ਰਿਫਾਇਨਰ ਬੀ. ਐੱਸ.-6 ਈਂਧਣ ਦੇ ਉਤਪਾਦਨ ਅਤੇ ਸਪਲਾਈ ਲਈ ਕੀਤੇ ਗਏ ਨਿਵੇਸ਼ ਦੀ ਭਰਪਾਈ ਲਈ ਸਰਕਾਰ ਦੀ ਲਾਬਿੰਗ ਕਰ ਰਹੇ ਹਨ।

ਸਰਕਾਰੀ ਖੇਤਰ ਦੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਪਹਿਲੀ ਮਾਰਚ ਤੋਂ ਪੂਰੇ ਭਾਰਤ 'ਚ ਅਧਿਕਾਰਤ ਤੌਰ 'ਤੇ ਬੀ. ਐੱਸ.-6 ਪੈਟਰੋਲ-ਡੀਜ਼ਲ ਦੀ ਸਪਲਾਈ ਸ਼ੁਰੂ ਕਰਨ ਜਾ ਰਹੀ ਹੈ। ਹਾਲਾਂਕਿ, ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਉਹ ਕੀਮਤਾਂ 'ਤੇ ਚਾਰਜ ਨਹੀਂ ਲਾ ਸਕਦੀ। ਬੀ. ਪੀ. ਸੀ. ਐੱਲ. ਨੇ ਰਿਫਾਇਨਰੀਜ਼ ਨੂੰ ਅਪਗ੍ਰੇਡ ਕਰਨ ਲਈ ਲਗਭਗ 7,000 ਕਰੋੜ ਦਾ ਨਿਵੇਸ਼ ਕੀਤਾ ਹੈ।

 

ਬੀ. ਪੀ. ਸੀ. ਐੱਲ. ਦੇ ਮਾਮਲੇ 'ਚ ਉਸ ਨੂੰ ਬੀ. ਐੱਸ.-6 ਈਂਧਣ ਦਾ ਉਤਪਾਦਨ ਕਰਨ ਲਈ ਕੀਤੇ ਗਏ ਨਿਵੇਸ਼ ਲਈ ਪ੍ਰਤੀ ਲੀਟਰ 0.70 ਪੈਸੇ ਚਾਰਜ ਵਸੂਲਣ ਦੀ ਜ਼ਰੂਰਤ ਹੋਵੇਗੀ, ਜਦੋਂ ਕਿ ਹੋਰਾਂ ਲਈ ਇਹ ਪ੍ਰਤੀ ਲੀਟਰ 1.30 ਰੁਪਏ ਤੱਕ ਹੋ ਸਕਦਾ ਹੈ।
ਬੀ. ਪੀ. ਸੀ. ਐੱਲ. ਡਾਇਰੈਕਟਰ ਆਰ. ਰਾਮਚੰਦਰਨ ਮੁਤਾਬਕ, ਇਸ 'ਤੇ ਚਰਚਾ ਚੱਲ ਰਹੀ ਹੈ ਕਿ ਕੀ ਬੀ. ਐੱਸ.-6 ਲਈ ਵਾਧੂ ਚਾਰਜ ਹੋਵੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਾਡੀ ਇੱਛਾ ਹੈ ਜੋ ਨਿਵੇਸ਼ ਕੀਤਾ ਗਿਆ ਹੈ ਉਸ ਦੀ ਭਰਪਾਈ ਦੀ ਇਜ਼ਾਜਤ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਨਿੱਜੀ ਰਿਫਾਇਨਰਾਂ ਸਮੇਤ ਅਸੀਂ ਸਾਰੇ ਇਸ ਮੁੱਦੇ 'ਤੇ ਇਕੱਠੇ ਹਾਂ ਕਿ ਸਾਨੂੰ ਪ੍ਰਤੀ ਲੀਟਰ 'ਤੇ 'ਸਪੈਸ਼ਲ ਪ੍ਰਾਈਸ' ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।