ਨੁਕਸਾਨੀ ਜੇ. ਸੀ. ਬੀ. ਦਾ ਨਹੀਂ ਦਿੱਤਾ ਕਲੇਮ, ਹੁਣ ਬੀਮਾ ਕੰਪਨੀ ਕਰੇਗੀ ਭੁਗਤਾਨ

02/17/2018 11:22:02 PM

ਚਮੋਲੀ (ਇੰਟ.)-ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਖਪਤਕਾਰ ਨੂੰ ਨੁਕਸਾਨੀ ਗਈ ਜੇ. ਸੀ. ਬੀ. ਮਸ਼ੀਨ ਦੀ ਬੀਮਾ ਰਾਸ਼ੀ ਵਿਆਜ ਸਮੇਤ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ। 

ਕੀ ਹੈ ਮਾਮਲਾ
ਤਹਿਸੀਲ ਥਰਾਲੀ ਦੇ ਓਮਾਸ਼ੰਕਰ ਸਿੰਘ ਰਾਵਤ ਨਿਵਾਸੀ ਕੇਦਾਰਬਗੜ੍ਹ ਨੇ ਦੱਸਿਆ ਕਿ ਉਸ ਨੇ ਆਪਣੀ ਜੇ. ਸੀ. ਬੀ. ਮਸ਼ੀਨ ਦਾ ਬੀਮਾ ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਤੋਂ ਕਰਵਾਇਆ ਸੀ। 27 ਅਕਤੂਬਰ, 2015 ਨੂੰ ਬਾਂਗਾ 'ਚ ਚਟਾਨੀ ਖੇਤਰ 'ਚੋਂ ਲੰਘਦਿਆਂ ਜੇ. ਸੀ. ਬੀ. ਮਸ਼ੀਨ ਜੰਗਲੀ ਜਾਨਵਰ ਦੇ ਸਾਹਮਣੇ ਆਉਣ ਨਾਲ ਬੇਕਾਬੂ ਹੋ ਕੇ ਪ੍ਰਾਣਮਤੀ ਗਦੇਰੇ 'ਚ ਡਿੱਗ ਕੇ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਸੀ। ਇਸ ਦੀ ਰਿਪੋਰਟ ਥਾਣਾ ਥਰਾਲੀ 'ਚ 28 ਅਕਤੂਬਰ ਨੂੰ ਕੀਤੀ ਗਈ। ਇਸ ਤੋਂ ਇਲਾਵਾ ਬੀਮਾ ਕੰਪਨੀ ਦੇ ਰਿਸ਼ੀਕੇਸ਼ ਸਥਿਤ ਦਫ਼ਤਰ 'ਚ 29 ਅਕਤੂਬਰ ਨੂੰ ਲਿਖਤੀ ਰਿਪੋਰਟ ਦਿੱਤੀ ਗਈ ਸੀ। ਉਸ ਤੋਂ ਬਾਅਦ ਬੀਮਾ ਕੰਪਨੀ ਦੇ ਸਰਵੇਅਰ ਨੇ ਹਾਦਸਾਗ੍ਰਸਤ ਜੇ. ਸੀ. ਬੀ. ਮਸ਼ੀਨ ਦੀ ਘਟਨਾ ਸਥਾਨ 'ਤੇ ਜਾਂਚ ਕੀਤੀ ਪਰ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ। 

ਇਹ ਕਿਹਾ ਫੋਰਮ ਨੇ 
ਜ਼ਿਲਾ ਖਪਤਕਾਰ ਫੋਰਮ ਦੇ ਪ੍ਰਧਾਨ ਪ੍ਰਦੀਪ ਪੰਤ, ਮੈਂਬਰ ਰੈਜਾ ਚੌਧਰੀ ਅਤੇ ਕਰਾਂਤੀ ਭੱਟ ਨੇ ਮਾਮਲੇ 'ਚ ਵਿਰੋਧੀ ਧਿਰ ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਨੂੰ ਜੇ. ਸੀ. ਬੀ. ਮਸ਼ੀਨ ਦੀ ਪ੍ਰੀਮੀਅਮ ਪਾਲਿਸੀ ਦੇ ਰੂਪ 'ਚ ਸਾਢੇ 7 ਲੱਖ ਰੁਪਏ ਕੇਸ ਪੇਸ਼ ਕਰਨ ਦੀ ਤਰੀਕ ਤੋਂ ਅਸਲ ਭੁਗਤਾਨ ਦੀ ਤਰੀਕ ਤੱਕ 6 ਫ਼ੀਸਦੀ ਸਾਧਾਰਨ ਵਿਆਜ ਸਮੇਤ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਅਦਾਲਤੀ ਖ਼ਰਚੇ ਦੇ ਰੂਪ 'ਚ 5000 ਰੁਪਏ, ਮਾਨਸਿਕ ਅਤੇ ਆਰਥਿਕ ਨੁਕਸਾਨ ਦੇ ਰੂਪ 'ਚ 5000 ਰੁਪਏ ਦਾ ਭੁਗਤਾਨ ਕਰਨ ਲਈ ਵੀ ਕਿਹਾ ਹੈ। ਇਹ ਭੁਗਤਾਨ 45 ਦਿਨਾਂ ਦੀ ਮਿਆਦ 'ਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।