ਲੱਖਾਂ ਲੋਕਾਂ ਲਈ ਵੱਡਾ ਫ਼ੈਸਲਾ, ਸਰ੍ਹੋਂ ਦੇ ਤੇਲ ਨੂੰ ਲੈ ਕੇ ਇਹ ਨਵਾਂ ਨਿਯਮ ਲਾਗੂ

06/09/2021 1:27:58 PM

ਨਵੀਂ ਦਿੱਲੀ- ਸਰ੍ਹੋਂ ਦੇ ਤੇਲ ਵਿਚ ਹੁਣ ਕਿਸੇ ਹੋਰ ਖਾਣ ਵਾਲੇ ਤੇਲ ਦੀ ਮਿਲਾਵਟ ਨਹੀਂ ਹੋਵੇਗੀ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ. ਐੱਸ. ਐੱਸ. ਏ. ਆਈ.) ਵੱਲੋਂ ਇਸ ਸਬੰਧੀ ਲਾਈ ਗਈ ਪਾਬੰਦੀ 8 ਜੂਨ ਤੋਂ ਲਾਗੂ ਹੋ ਗਈ ਹੈ। ਪਹਿਲਾਂ ਇਹ ਰੋਕ 1 ਅਕਤੂਬਰ 2020 ਤੋਂ ਲਾਗੂ ਹੋਣੀ ਸੀ ਪਰ ਇਸ ਮਾਮਲੇ ਵਿਚ ਕੰਪਨੀਆਂ ਨੂੰ ਤਿੰਨ ਮਹੀਨਿਆਂ ਲਈ ਰਾਹਤ ਦਿੱਤੀ ਗਈ ਸੀ। 

ਇਸ ਦਾ ਮਤਲਬ ਹੈ ਕਿ ਹੁਣ ਬਾਜ਼ਾਰ ਵਿਚ 100 ਫ਼ੀਸਦ ਸ਼ੁੱਧ ਸਰ੍ਹੋਂ ਦੇ ਤੇਲ ਦੀ ਹੀ ਵਿਕਰੀ ਹੋਵੇਗੀ। ਇਸ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਗੈਰ-ਕਾਨੂੰਨੀ ਹੋਵੇਗੀ। ਹਾਲਾਂਕਿ, ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਮਗਰੋਂ ਸਰ੍ਹੋਂ ਦਾ ਤੇਲ ਹੋਰ ਮਹਿੰਗਾ ਹੋ ਸਕਦਾ ਹੈ, ਜੋ ਇਸ ਸਮੇਂ ਤਕਰੀਬਨ 200 ਰੁਪਏ ਪ੍ਰਤੀ ਕਿਲੋ ਦੇ ਆਸਪਾਸ ਹੈ।

ਹੁਣ ਤੱਕ ਸਰ੍ਹੋਂ ਦਾ ਤੇਲ ਜੋ ਬਾਜ਼ਾਰ ਵਿਚ ਵਿਕ ਰਿਹਾ ਸੀ, ਉਸ ਵਿਚ ਹੋਰ ਖਾਣ ਵਾਲੇ ਤੇਲ ਨੂੰ ਮਿਲਾਇਆ ਜਾਂਦਾ ਸੀ। ਭਾਵੇਂ ਸਰ੍ਹੋਂ ਦੇ ਤੇਲ ਵਿਚ ਥੋੜ੍ਹੀ ਜਿਹੀ ਮਾਤਰਾ ਵਿਚ ਦੂਜੇ ਖਾਣ ਵਾਲੇ ਤੇਲਾਂ ਨੂੰ ਮਿਲਾਉਣ ਦੀ ਮਨਜ਼ੂਰੀ ਸੀ ਪਰ ਕਈ ਕਾਰੋਬਾਰੀ ਜ਼ਿਆਦਾ ਮਿਲਾਵਟ ਕਰ ਰਹੇ ਸਨ, ਜਿਸ ਬਾਰੇ ਗਾਹਕਾਂ ਨੂੰ ਨਹੀਂ ਪਤਾ ਹੁੰਦਾ ਸੀ। ਹੁਣ ਸਰ੍ਹੋਂ ਦੇ ਤੇਲ ਦੀਆਂ ਕੰਪਨੀਆਂ ਨੂੰ ਬਲੇਂਡਿੰਗ ਦੇ ਨਾਂ 'ਤੇ ਦੂਜੇ ਖਾਣ ਵਾਲੇ ਤੇਲ ਮਿਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ, ਨਾਲ ਹੀ ਕੰਪਨੀਆਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਇਹ 100 ਫ਼ੀਸਦੀ ਸ਼ੁੱਧ ਸਰ੍ਹੋਂ ਦਾ ਤੇਲ ਹੈ।

ਇਹ ਵੀ ਪੜ੍ਹੋ- ਬੁਰੀ ਖ਼ਬਰ! ਲੱਗਣ ਵਾਲਾ ਹੈ ਵੱਡਾ ਝਟਕਾ, 100 ਰੁ: ਤੋਂ ਪਾਰ ਹੋ ਸਕਦੈ ਡੀਜ਼ਲ

ਉੱਥੇ ਹੀ, ਸਰ੍ਹੋ ਦਾ ਤੇਲ ਮਹਿੰਗਾ ਹੋਣ ਬਾਰੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਇਹ ਇਸ ਲਈ ਥੋੜ੍ਹਾ ਮਹਿੰਗਾ ਹੋਇਆ ਹੈ ਕਿਉਂਕਿ ਇਸ ਵਿਚ ਸਰਕਾਰ ਨੇ ਮਿਲਾਵਟ ਬੰਦ ਕਰ ਦਿੱਤੀ ਹੈ। ਇਹ ਸਰਕਾਰ ਦਾ ਬਹੁਤ ਮਹੱਤਵਪੂਰਨ ਫ਼ੈਸਲਾ ਹੈ ਅਤੇ ਇਸ ਦਾ ਫਾਇਦਾ ਦੇਸ਼ ਭਰ ਦੇ ਤਿਲਹਣ ਤੇ ਸਰੋਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹੋਣ ਵਾਲਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਜੋ ਵੀ ਮੁੱਲ ਵਧਣਗੇ ਉਸ 'ਤੇ ਸਰਕਾਰ ਦੀ ਨਜ਼ਰ ਹੈ। ਸਰਕਾਰ ਨੇ ਸਰ੍ਹੋਂ ਦੇ ਤੇਲ ਵਿਚ ਦੂਜੇ ਖਾਣ ਵਾਲੇ ਤੇਲ ਨੂੰ ਮਿਲਾਉਣ ਤੋਂ ਰੋਕਣ ਲਈ ਹਾਲ ਹੀ ਵਿਚ ਹੁਕਮ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ-  ਗੂਗਲ ਨੂੰ ਲੱਗ ਸਕਦੈ ਜ਼ੋਰਦਾਰ ਝਟਕਾ, ਇਨ੍ਹਾਂ ਦੇਸ਼ਾਂ ’ਚ ਖ਼ਤਮ ਹੋ ਰਿਹਾ ਦਬਦਬਾ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ

Sanjeev

This news is Content Editor Sanjeev