ਹੁਣ ਈਰਾਨ ''ਚ ਵੀ ਹੋ ਸਕੇਗਾ ਰੁਪਏ ''ਚ ਨਿਵੇਸ਼ ਤੇ ਵਪਾਰ

02/16/2018 11:48:59 AM

ਨਵੀਂ ਦਿੱਲੀ, (ਰਣਜੀਤ)— ਈਰਾਨ ਤੀਜਾ ਅਜਿਹਾ ਦੇਸ਼ ਹੋਵੇਗਾ ਜਿਥੇ ਭਾਰਤੀ ਨਿਵੇਸ਼ਕ ਰੁਪਏ ਵਿਚ ਨਿਵੇਸ਼ ਕਰ ਸਕਣਗੇ। ਹੁਣ ਤੱਕ ਭਾਰਤੀ ਵਪਾਰੀ ਸਿਰਫ ਨੇਪਾਲ ਤੇ ਭੂਟਾਨ ਦੇ ਨਾਲ ਹੀ ਰੁਪਏ 'ਚ ਵਪਾਰ ਅਤੇ ਨਿਵੇਸ਼ ਕਰਦੇ ਰਹੇ ਹਨ। ਈਰਾਨ ਵਿਚ ਨਿਵੇਸ਼ ਲਈ ਰੁਪਏ ਦੀ ਵਰਤੋਂ ਦੀ ਛੋਟ ਕਾਰਨ ਈਰਾਨ ਅਤੇ ਭਾਰਤ ਦਰਮਿਆਨ ਨਿਵੇਸ਼ ਅਤੇ ਵਪਾਰ ਦੇ ਰਿਸ਼ਤੇ ਹੋਰ ਡੂੰਘੇ ਹੋਣਗੇ।
ਈਰਾਨ 'ਤੇ ਲੱਗੀਆਂ ਅਮਰੀਕੀ ਆਰਥਿਕ ਪਾਬੰਦੀਆਂ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਤੇ ਈਰਾਨ ਵੱਲੋਂ ਰੁਪਏ ਵਿਚ ਵਪਾਰ ਕਰਨ ਦਾ ਫੈਸਲਾ ਭਾਰੀ ਅਹਿਮੀਅਤ ਰੱਖਦਾ ਹੈ। ਰੁਪਏ ਵਿਚ ਨਿਵੇਸ਼ ਕਰਨ ਦੇ ਫੈਸਲੇ ਨਾਲ ਈਰਾਨ ਦੀ ਚਾਬਹਾਰ ਬੰਦਰਗਾਹ ਦੇ ਵਿਕਾਸ ਵਿਚ ਕਈ ਰੁਕਾਵਟਾਂ ਦੂਰ ਹੋ ਜਾਣਗੀਆਂ। ਇਥੇ ਡਿਪਲੋਮੈਟਿਕ ਸੂਤਰਾਂ ਨੇ ਦੱਸਿਆ ਕਿ ਇਸ ਇਰਾਦੇ ਨਾਲ ਦੋਵਾਂ ਦੇਸ਼ਾਂ ਦੀ ਬੈਂਕਿੰਗ ਪ੍ਰਣਾਲੀ ਦਰਮਿਆਨ ਤਾਲਮੇਲ ਸਥਾਪਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਵੱਲੋਂ ਵੀਰਵਾਰ ਹੈਦਰਾਬਾਦ ਪਹੁੰਚਣ ਦੇ ਨਾਲ ਹੀ ਸੂਤਰਾਂ ਨੇ ਦੱਸਿਆ ਕਿ ਭਾਰਤ ਅਤੇ ਈਰਾਨ ਇਕ-ਦੂਜੇ ਨੂੰ ਸਮੁੰਦਰੀ ਰਾਹ ਨਾਲ ਜੋੜਨ ਲਈ ਕੁਨੈਕਟੀਵਿਟੀ ਪ੍ਰਾਜੈਕਟ ਵਿਚ ਤੇਜ਼ੀ ਲਿਆਉਣ ਲਈ ਕੰਮ ਕਰ ਰਹੇ ਹਨ। ਭਾਰਤ ਦੀ ਕੋਸ਼ਿਸ਼ ਹੈ ਕਿ ਈਰਾਨ ਦੀ ਉਕਤ ਬੰਦਰਗਾਹ ਵੱਲੋਂ ਬਣਾਈਆਂ ਜਾ ਰਹੀਆਂ ਬਰਥਾਂ ਦਾ ਕੰਮ ਜਲਦੀ ਖਤਮ ਹੋ ਜਾਵੇਗਾ। ਭਾਰਤ ਦੀ ਕਾਂਡਲਾ ਬੰਦਰਗਾਹ ਅਤੇ ਚਾਬਹਾਰ ਬੰਦਰਗਾਹ ਦਰਮਿਆਨ ਸਮੁੰਦਰੀ ਵਪਾਰਕ ਗਲਿਆਰਾ ਬਣਾਉਣ ਲਈ ਦੋਵੇਂ ਦੇਸ਼ ਮਿਲ ਕੇ ਕੰਮ ਕਰ ਰਹੇ ਹਨ। ਇਸ ਨੂੰ ਅਹਿਮੀਅਤ ਦਿੰਦੇ ਹੋਏ ਦੋਵੇਂ ਦੇਸ਼ ਇਕ ਡਾਕ ਟਿਕਟ ਵੀ ਜਾਰੀ ਕਰਨਗੇ। ਦੱਸਣਯੋਗ ਹੈ ਕਿ ਕਾਂਡਲਾ-ਚਾਬਹਾਰ ਬੰਦਰਗਾਹ ਰਾਹੀਂ ਭਾਰਤ ਨੇ ਅਫਗਾਨਿਸਤਾਨ ਨੂੰ 2 ਲੱਖ ਟਨ ਕਣਕ ਦੀ ਸਪਲਾਈ ਕੀਤੀ ਹੈ। ਰਾਸ਼ਟਰਪਤੀ ਰੁਹਾਨੀ ਸ਼ੁੱਕਰਵਾਰ ਨੂੰ ਹੈਦਰਾਬਾਦ ਦੀ ਇਕ ਮਸਜਿਦ ਵਿਖੇ ਇਕ ਜਲਸੇ ਨੂੰ ਸੰਬੋਧਨ ਕਰਨਗੇ।