ਚੰਡੀਗੜ੍ਹ ਹਵਾਈ ਅੱਡਾ ਬਣੇਗਾ ਹਾਈਟੈਕ, ਇਨ੍ਹਾਂ ਦੇਸ਼ਾਂ ਦੀ ਮਿਲੇਗੀ ਫਲਾਈਟ!

05/21/2018 3:50:17 PM

ਚੰਡੀਗੜ੍ਹ— ਹੁਣ ਚੰਡੀਗੜ੍ਹ ਹਵਾਈ ਅੱਡੇ 'ਤੇ ਦੁਨੀਆ ਦਾ ਹਰ ਵੱਡਾ ਜਹਾਜ਼ ਉਡਾਣ ਭਰ ਸਕੇਗਾ। ਦੇਸ਼ 'ਚ ਦਿੱਲੀ ਅਤੇ ਮੁੰਬਈ ਦੇ ਬਾਅਦ ਇਹ ਤੀਜਾ ਅਜਿਹਾ ਹਾਈਟੈਕ ਹਵਾਈ ਅੱਡਾ ਹੋਵੇਗਾ ਜਿੱਥੇ ਏਅਰਬੱਸ-340 ਅਤੇ ਬੋਇੰਗ-777 ਵਰਗੇ ਵੱਡੇ ਜਹਾਜ਼ ਵੀ ਉਡਾਣ ਭਰ ਸਕਣਗੇ। ਇਸ ਲਈ ਚੰਡੀਗੜ੍ਹ ਹਵਾਈ ਅੱਡੇ 'ਚ ਰਨਵੇਅ ਦੀ ਲੰਬਾਈ ਵਧਾ ਕੇ 12,400 ਫੁੱਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਕੰਮ ਦਾ ਇਕ ਹਿੱਸਾ ਨਵੰਬਰ ਜਾਂ ਦਸੰਬਰ ਤਕ ਪੂਰਾ ਹੋ ਜਾਵੇਗਾ, ਜਦੋਂ ਕਿ ਫਰਵਰੀ 2019 ਤਕ ਇਸ ਦੇ ਪੂਰਾ ਹੋਣ ਦੀ ਉਮੀਦ ਹੈ।
ਪਹਿਲਾਂ ਇਹ ਰਨਵੇਅ 9000 ਫੁੱਟ ਦਾ ਸੀ, ਜਿਸ ਕਾਰਨ ਵੱਡੇ ਜਹਾਜ਼ ਇੱਥੇ ਉਡਾਣ ਨਹੀਂ ਭਰ ਪਾਉਂਦੇ ਸਨ। ਇਸੇ ਕਾਰਨ ਇੱਥੋਂ ਅਮਰੀਕਾ ਵਰਗੇ ਦੇਸ਼ਾਂ ਲਈ ਕੋਈ ਫਲਾਈਟ ਸ਼ੁਰੂ ਨਹੀਂ ਹੋ ਸਕੀ। ਬੋਇੰਗ-777 ਵਰਗੇ ਵੱਡੇ ਜਹਾਜ਼ਾਂ ਦੇ ਉਡਾਣ ਭਰਨ ਲਈ 10400 ਫੁੱਟ ਦੀ ਲੰਬਾਈ ਜ਼ਰੂਰੀ ਹੁੰਦੀ ਹੈ। ਹੁਣ ਇਹ ਕੰਮ ਪੂਰਾ ਹੋਣ 'ਤੇ ਅਗਲੇ ਇਕ-ਡੇਢ ਸਾਲ ਤਕ ਚੰਡੀਗੜ੍ਹ ਤੋਂ ਯੂਰਪ, ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਆਦਿ ਲਈ ਵੱਡੇ ਜਹਾਜ਼ ਸਿੱਧੇ ਉਡਾਣ ਭਰ ਸਕਣਗੇ।ਉੱਥੇ ਹੀ, ਕੌਮਾਂਤਰੀ ਫਲਾਈਟਾਂ ਦੇ ਉਤਰਨ ਅਤੇ ਉਡਾਣ ਭਰਨ ਲਈ ਇਹ ਹਵਾਈ ਅੱਡਾ ਅਗਸਤ 2019 ਤਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਇੰਨਾ ਹੀ ਨਹੀਂ ਇੱਥੋਂ ਦਿਨ ਅਤੇ ਰਾਤ ਦੋਹਾਂ ਵੇਲੇ ਉਡਾਣਾਂ ਦਾ ਸੰਚਾਲਨ ਹੋ ਸਕੇਗਾ।
ਮੌਜੂਦਾ ਸਮੇਂ ਚੰਡੀਗੜ੍ਹ ਹਵਾਈ ਅੱਡੇ 'ਤੇ ਮੁਰੰਮਤ ਅਤੇ ਰਨਵੇਅ ਦੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ 31 ਮਈ ਤਕ ਚੰਡੀਗੜ੍ਹ ਹਵਾਈ ਅੱਡੇ 'ਤੇ ਕਿਸੇ ਵੀ ਫਲਾਈਟ ਦੇ ਉਤਰਨ ਜਾਂ ਉਡਾਣ ਭਰਨ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਇਨ੍ਹਾਂ ਦਿਨਾਂ ਤਕ ਹਵਾਈ ਮੁਸਾਫਰਾਂ ਨੂੰ ਪੂਰੀ ਤਰ੍ਹਾਂ ਦਿੱਲੀ ਹਵਾਈ ਅੱਡੇ 'ਤੇ ਨਿਰਭਰ ਰਹਿਣਾ ਹੋਵੇਗਾ, ਜਦੋਂ ਕਿ ਦੂਜਾ ਬਦਲ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ। ਇਸ ਤੋਂ ਪਹਿਲਾਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ 15 ਦਿਨਾਂ ਲਈ 12 ਤੋਂ 26 ਫਰਵਰੀ ਤਕ ਬੰਦ ਰਿਹਾ ਸੀ, ਜਿਸ ਕਾਰਨ 28 ਫਲਾਈਟਾਂ ਦਾ ਸੰਚਾਲਨ ਵੀ ਬੰਦ ਸੀ।