ਗੈਸ ਦੀ ਨਹੀਂ ਦਿੱਤੀ ਸਬਸਿਡੀ, ਹੁਣ ਏਜੰਸੀ ਨੂੰ ਦੇਣੇ ਪੈਣਗੇ 1260 ਰੁਪਏ

06/24/2017 2:44:52 PM

ਅਹਿਮਦਾਬਾਦ— ਗਾਂਧੀਨਗਰ ਦੇ ਰਹਿਣ ਵਾਲੇ ਸੀਨੀਅਰ ਸਿਟੀਜ਼ਨ ਭਾਸਕਰ ਰਾਏ ਮੂਲਸ਼ੰਕਰ ਵੈਦ ਨੇ ਸਰਕਾਰ ਵੱਲੋਂ ਮਿਲਣ ਵਾਲੀ 127 ਰੁਪਏ ਦੀ ਸਬਸਿਡੀ ਪਾਉਣ ਲਈ 810 ਰੁਪਏ ਖਰਚ ਕਰ ਦਿੱਤੇ। ਕੰਜ਼ਿਊਮਰ ਫੋਰਮ ਨੇ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਗੈਸ ਏਜੰਸੀ ਨੂੰ ਖਪਤਕਾਰ ਨੂੰ ਸਬਸਿਡੀ ਸਮੇਤ 1260 ਰੁਪਏ ਦੇਣ ਦਾ ਹੁਕਮ ਸੁਣਾਇਆ।  
ਇਹ ਹੈ ਮਾਮਲਾ
ਵੈਦ ਨੇ ਗਾਂਧੀਨਗਰ ਜ਼ਿਲੇ ਦੀ ਕੰਜ਼ਿਊਮਰ ਫੋਰਮ 'ਚ ਬੀਤੇ ਸਾਲ ਹਾਰਦਿਕ ਗੈਸ ਏਜੰਸੀ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਵੈਦ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਨੂੰ 2016 ਦੇ ਜੁਲਾਈ ਮਹੀਨੇ ਦੀ ਗੈਸ ਸਬਸਿਡੀ ਨਹੀਂ ਮਿਲੀ। ਉਸ ਨੇ ਫੋਰਮ ਦੇ ਸਾਹਮਣੇ ਕਿਹਾ ਕਿ ਆਪਣਾ ਆਧਾਰ ਕਾਰਡ ਲਿੰਕ ਨਾ ਕਰਨ ਦੀ ਵਜ੍ਹਾ ਨਾਲ ਸਬਸਿਡੀ ਨਾ ਦੇਣ ਦਾ ਪੈਟਰੋਲੀਅਮ ਮੰਤਰਾਲਾ ਦਾ ਫੈਸਲਾ ਸਤੰਬਰ 2016 ਤੋਂ ਲਾਗੂ ਹੋਇਆ। ਇਸ ਡੈੱਡਲਾਈਨ ਦੇ ਪੂਰੇ ਹੋਣ ਤੋਂ ਪਹਿਲਾਂ ਕੁਝ ਪ੍ਰਕਿਰਿਆ ਸੀ, ਜਿਸ ਨੂੰ ਪੂਰਾ ਕਰ ਕੇ ਸਬਸਿਡੀ ਪਾਈ ਜਾ ਸਕਦੀ ਸੀ ਅਤੇ ਉਸ ਨੇ ਇਸ ਪ੍ਰਕਿਰਿਆ ਦਾ ਪਾਲਣ ਵੀ ਕੀਤਾ ਪਰ ਫਿਰ ਵੀ ਉਸ ਦੇ ਬੈਂਕ ਖਾਤੇ 'ਚ ਸਬਸਿਡੀ ਨਹੀਂ ਆਈ।
ਇਹ ਕਿਹਾ ਫੋਰਮ ਨੇ
ਫੋਰਮ ਨੇ ਗੈਸ ਏਜੰਸੀ ਨੂੰ ਸ਼ਿਕਾਇਤਕਰਤਾ ਦੇ ਸ਼ੋਸ਼ਣ ਲਈ 200 ਰੁਪਏ, ਵਾਰ-ਵਾਰ ਸੁਣਵਾਈ ਲਈ ਆਉਣ ਲਈ 300 ਰੁਪਏ, ਫੋਨ ਕਾਲਸ-ਫੋਟੋਕਾਪੀ ਲਈ 200 ਰੁਪਏ ਅਤੇ ਪੋਸਟਲ ਆਰਡਰ 'ਚ ਖਰਚ ਹੋਏ 110 ਰੁਪਏ ਮੋੜਨ ਲਈ ਕਿਹਾ। ਫੋਰਮ ਨੇ ਏਜੰਸੀ ਨੂੰ ਵੈਦ ਨੂੰ ਮੁਕੱਦਮੇਬਾਜ਼ੀ 'ਤੇ ਖਰਚਾ ਹੋਣ ਦੀ ਵਜ੍ਹਾ ਨਾਲ 450 ਰੁਪਏ ਵਾਧੂ ਦੇਣ ਲਈ ਕਿਹਾ ਹੈ।