ਨਿਊਯਾਰਕ ''ਚ ਵੀਜ਼ਾ ਨਿਯਮਾਂ ਦੀ ਉਲੰਘਣਾ, ਇਨਫੋਸਿਸ ''ਤੇ ਭਾਰੀ ਜ਼ੁਰਮਾਨਾ

06/24/2017 5:00:57 AM

ਬੈਂਗਲੂਰੂ — ਅਮਰੀਕਾ ਦੀ ਨਿਊਯਾਰਕ ਸਟੇਟ ਨੇ ਵਰਕ ਵੀਜ਼ੇ ਦੇ ਉਲੰਘਣ ਲਈ ਇਨਫੋਸਿਸ ਕੰਪਨੀ 'ਤੇ ਇਕ ਮਿਲੀਅਨ ਡਾਲਰ (ਲੱਗਭਗ 6.5 ਕਰੋੜ ਰੁਪਏ) ਦਾ ਜ਼ੁਰਮਾਨਾ ਠੋਕਿਆ ਹੈ। ਨਿਊਯਾਰਕ ਦੇ ਅਟਾਰਨੀ ਜਨਰਲ ਇਰਿਕ ਸਨਾਈਡੇਮਰਨ ਨੇ ਕਿਹਾ ਕਿ ਇਨਫੋਸਿਸ ਨੇ ਆਊਟਸੋਰਸਿੰਗ ਸਰਵਿਸਸ ਦੇਣ ਤਹਿਤ ਵਿਦੇਸ਼ੀ ਆਈ.ਟੀ ਕਰਮਚਾਰੀਆਂ ਨੂੰ ਨਿਊਯਾਰਕ ਲਿਆਉਣ ਦਾ ਕੰਮ ਕੀਤਾ ਜਿਸ ਨਾਲ ਵੀਜ਼ਾ ਨਿਯਮਾਂ ਦਾ ਉਲੰਘਣ ਹੋਇਆ ਹੈ। 
ਪ੍ਰੈੱਸ ਰਿਲੀਜ਼ 'ਚ ਅਟਾਰਨੀ ਜਨਰਲ ਨੇ ਕਿਹਾ ਕਿ ਨਿਊਯਾਰਕ ਸਟੇਟ 'ਚ ਵਿਦੇਸ਼ੀ ਵਰਕਰਾਂ ਨੂੰ ਐੱਚ-1ਬੀ ਵੀਜ਼ੇ ਦੀ ਜ਼ਰੂਰਤ ਹੁੰਦੀ ਹੈ। ਜੋ ਮਿਲਣਾ ਕਾਫੀ ਮੁਸ਼ਕਿਲ ਹੈ। ਇਨਫੋਸਿਸ ਕੰਪਨੀ ਨੇ ਇਸ ਬਦਲੇ ਟੇਂਪਰੇਰੀ ਵਿਜ਼ੀਟਰ ਵੀਜ਼ਾ ਬੀ-1 ਲੈ ਕੇ ਕਈ ਵਿਦੇਸ਼ੀ ਵਰਕਰਾਂ ਨੂੰ ਨਿਊਯਾਰਕ ਬੁਲਾਇਆ ਕਿਉਂਕਿ ਬੀ-1 ਵੀਜ਼ਾ ਲੈਣਾ ਜ਼ਿਆਦਾ ਸੌਖਾਲਾ ਹੈ। ਇਸ ਤਰ੍ਹਾਂ ਇਨਫੋਸਿਸ ਨੇ ਜਾਣ-ਬੁੱਝ ਕੇ ਗੈਰ-ਕਾਨੂੰਨੀ ਕੰਮ ਕੀਤਾ। ਬੀ-1 ਵੀਜ਼ੇ ਵਾਲੇ ਸਿਰਫ ਵਿਜ਼ਿਟ ਕਰ ਸਕਦੇ ਹਨ, ਕੰਮ ਨਹੀਂ ਕਰ ਸਕਦੇ। 
ਇਨਫੋਸਿਸ ਨੇ ਵੀਜ਼ਾ ਨਿਯਮਾਂ ਦੇ ਉਲੰਘਣ ਦੇ ਦੋਸ਼ਾਂ 'ਤੇ ਕਿਹਾ ਹੈ ਕਿ ਇਹ ਪੇਪਰਵਰਕ 'ਚ ਹੋਈ ਗਲਤੀ ਹੈ। ਜਿਸ ਦੀ ਜਾਂਚ ਚੱਲ ਰਹੀ ਹੈ। ਕੰਪਨੀ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਕ ਮਿਲੀਅਨ ਡਾਲਰ ਦੀ ਸੈਟਲਮੇਂਟ ਦਾ ਸੰਬੰਧ ਉਨ੍ਹਾਂ ਕਾਨੂੰਨੀ ਵਿਵਾਦਾਂ ਨਾਲ ਹੈ ਜੋ 2013 ਦੇ ਯੂ.ਐੱਸ ਡਿਪਾਰਟਮੇਂਟ ਆਫ ਜਸਟਿਸ ਨਾਲ ਹੋਏ ਸੈਟਲਮੇਂਟ 'ਚ ਸੁਲਝਾ ਲਏ ਗਏ ਸਨ। ਇਨਫੋਸਿਸ ਅਮਰੀਕਾ ਦੇ ਕਾਨੂੰਨਾਂ ਦਾ ਸਨਮਾਨ ਕਰਦਾ ਹੈ ਅਤੇ ਉਸ ਦੀਆਂ ਪ੍ਰਕਿਰਿਆਵਾਂ ਦਾ ਪਾਲਣ ਕਰਦਾ ਹੈ। 
ਚਾਰ ਸਾਲ ਪਹਿਲਾਂ 2013 'ਚ ਇਨਫੋਸਿਸ ਨੂੰ ਵੀਜ਼ਾ ਫਰਾੱਡ ਦੇ ਦੋਸ਼ਾਂ ਤਹਿਤ 34 ਮਿਲੀਅਨ ਡਾਲਰ (215 ਕਰੋੜ ਰੁਪਏ) ਦਾ ਜ਼ੁਰਮਾਨਾ ਭਰਨਾ ਪਿਆ ਸੀ।