2 ਅਕਤੂਬਰ ਤੋਂ ਪਲਾਸਟਿਕ ਖਿਲਾਫ ਨਵਾਂ ਇਨਕਲਾਬ : PM ਮੋਦੀ

08/25/2019 3:49:13 PM

ਨਵੀਂ ਦਿੱਲੀ— ਸਰਕਾਰ ਜਲਦ ਹੀ ਸਿੰਗਲ-ਯੂਜ਼ ਪਲਾਸਟਿਕ ਖਿਲਾਫ ਵੱਡੀ ਮੁਹਿੰਮ ਚਲਾਉਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਾਲ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ ਨੂੰ ਪਲਾਸਟਿਕ ਮੁਕਤ ਭਾਰਤ ਬਣਾਉਣ ਵਜੋਂ ਮਨਾਉਣ। ਨਗਰ ਪਾਲਿਕਾਵਾਂ, ਨਗਰ ਨਿਗਮਾਂ, ਜ਼ਿਲਾ ਪ੍ਰਸ਼ਾਸਨ ਤੇ ਪੰਚਾਇਤਾ ਅਤੇ ਸਾਰੇ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਅਪੀਲ ਕੀਤੀ ਕਿ ਉਹ ਪਲਾਸਟਿਕ ਕਚਰੇ ਦੇ ਸੰਗ੍ਰਹਿ ਤੇ ਭੰਡਾਰਣ ਲਈ ਉਚਿਤ ਪ੍ਰਬੰਧਨ ਯਕੀਨੀ ਕਰਨ ਦੀ ਦਿਸ਼ਾ 'ਚ ਕੰਮ ਕਰਨ।

 



ਉਨ੍ਹਾਂ ਕਿਹਾ ਕਿ ਭਾਰਤ ਨੂੰ ਹੁਣ ਪਲਾਸਟਿਕ ਮੁਕਤ ਬਣਾਉਣ ਦੀ ਜ਼ਰੂਰਤ ਹੈ। ਪਲਾਸਟਿਕ ਦੇ ਨਿਪਟਾਰੇ ਲਈ ਉਨ੍ਹਾਂ ਕਾਰਪੋਰੇਟਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਸਾਰਾ ਕਚਰਾ ਇਕੱਠਾ ਹੋ ਜਾਵੇ ਤਾਂ ਉਹ ਇਸ ਦੇ ਨਿਪਟਾਰੇ ਲਈ ਅੱਗੇ ਆਉਣ। ਇਸ ਦੀ ਰੀਸਾਈਕਲਿੰਗ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਈਂਧਣ ਬਣਾਇਆ ਜਾ ਸਕਦਾ ਹੈ। ਮੋਦੀ ਨੇ ਕਿਹਾ ਕਿ ਦੀਵਾਲੀ ਤਕ ਇਸ ਨੂੰ ਕੀਤਾ ਜਾ ਸਕਦਾ ਹੈ, ਇਸ ਲਈ ਸਿਰਫ ਸੰਕਲਪ ਲੈਣ ਦੀ ਜ਼ਰੂਰਤ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਇਹ ਅਪੀਲ ਕੀਤੀ ਸੀ। ਜਿਸ ਮਗਰੋਂ ਸਟੇਸ਼ਨਾਂ 'ਤੇ ਪਲਾਸਟਿਕ 'ਤੇ ਪਾਬੰਦੀ ਲਾਗੂ ਹੋਣ ਜਾ ਰਹੀ ਹੈ। ਰੇਲਵੇ ਬੋਰਡ ਨੇ ਆਪਣੇ ਜ਼ੋਨਲ ਦਫਤਰਾਂ ਨੂੰ 2 ਅਕਤੂਬਰ ਤੋਂ ਸਾਰੇ ਸਟੇਸ਼ਨਾਂ 'ਤੇ ਸਖਤੀ ਨਾਲ ਪਲਾਸਟਿਕ 'ਤੇ ਰੋਕ ਲਾਉਣ ਲਈ ਕਿਹਾ ਹੈ। ਇਕ ਸਰਕੂਲਰ 'ਚ ਰੇਲਵੇ ਬੋਰਡ ਨੇ ਸਾਰੇ ਜ਼ੋਨਲ ਰੇਲਵੇ ਦਫਤਰਾਂ ਨੂੰ ਸਿੰਗਲ-ਯੂਜ਼ ਪਲਾਸਟਿਕ 'ਤੇ ਪਾਬੰਦੀ ਲਾਗੂ ਕਰਨ ਦੇ ਹੁਕਮ ਦਿੱਤੇ ਹਨ।
ਉੱਥੇ ਹੀ, ਜਲਦ ਹੀ ਦੁੱਧ, ਦਹੀਂ ਤੇ ਲੱਸੀ ਪਲਾਸਟਿਕ ਦੀ ਪੈਕਿੰਗ 'ਚ ਨਹੀਂ ਮਿਲਣਗੇ। ਪ੍ਰਧਾਨ ਮੰਤਰੀ ਵੱਲੋਂ ਲਾਲ ਕਿਲ੍ਹੇ ਤੋਂ ਕੀਤੀ ਗਈ ਅਪੀਲ 'ਤੇ ਅਮਲ ਕਰਦਿਆਂ ਸੰਸਦ ਭਵਨ 'ਚ ਇਕ ਵਾਰ ਇਸਤੇਮਾਲ ਹੋਣ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ 'ਤੇ ਰੋਕ ਲਾ ਦਿੱਤੀ ਗਈ ਹੈ।