ਨਵੀਂ ਦਿੱਲੀ ਦੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਬਣਾਏਗਾ ਦੱਖਣੀ ਕੋਰੀਆ

02/19/2017 3:00:40 PM

ਨਵੀਂ ਦਿੱਲੀ— ਦੱਖਣੀ ਕੋਰੀਆ ਨੇ ਦੇਸ਼ ਦੇ ਸਭ ਤੋਂ ਵੱਡੇ ਭੀੜ-ਭਾੜ ਵਾਲੇ ਰੇਲਵੇ ਸਟੇਸ਼ਨਾਂ ''ਚੋਂ ਇਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਸੁੰਦਰੀਕਰਨ ਕਰਕੇ ਉਸ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਹੱਥ ਅੱਗੇ ਵਧਾਇਆ ਹੈ। ਰੇਲਵੇ ਦੀ ਇਸ ਉਤਸ਼ਾਹੀ ਯੋਜਨਾ ਤਹਿਤ ਸਟੇਸ਼ਨ ਨੂੰ 10 ਹਜ਼ਾਰ ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਚਮਕਾਇਆ ਜਾਵੇਗਾ। ਯਾਤਰੀਆਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਲਈ ਖਰੀਦਦਾਰੀ ਦੀ ਸੁਵਿਧਾ ਵੀ ਹੋਵੇਗੀ। ਨਵੀਂ ਦਿੱਲੀ ਰੇਲਵੇ ਸਟੇਸ਼ਨ ''ਤੇ ਇਕ ਦਿਨ ''ਚ 5 ਲੱਖ ਤੋਂ ਵਧ ਯਾਤਰੀ ਆਉਂਦੇ ਹਨ। ਸਟੇਸ਼ਨ ''ਤੇ ਇਕ ਦਿਨ ''ਚ 361 ਰੇਲ ਗੱਡੀਆਂ ਆਉਂਦੀਆਂ ਹਨ। ਯੋਜਨਾ ਤਹਿਤ ਤਿੰਨ ਮੰਜ਼ਿਲਾ ਸਟੇਸ਼ਨ ਇਮਾਰਤ ''ਚ ਆਉਣ ਅਤੇ ਜਾਣ ਦੇ ਅਲੱਗ-ਅਲੱਗ ਹਿੱਸੇ ਹੋਣਗੇ। ਸਟੇਸ਼ਨ ਦੇ ਅਜਮੇਰੀ ਗੇਟ ਵੱਲ ਵਪਾਰਕ ਇਸਤੇਮਾਲ ਲਈ ਤਿੰਨ ਉੱਚੀਆਂ ਇਮਾਰਤਾਂ ਹੋਣਗੀਆਂ। ਰੇਲ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਦੱਖਣੀ ਕੋਰੀਆ ਨੇ ਨਵੀਂ ਦਿੱਲੀ ਸਟੇਸ਼ਨ ਦੇ ਮੁੜ ਵਿਕਾਸ ਲਈ ਉਤਸੁਕਤਾ ਦਿਖਾਈ ਹੈ। ਰੇਲਵੇ ਨੇ ਸਟੇਸ਼ਨ ''ਚ ਅਤੇ ਉਸ ਦੇ ਆਲੇ-ਦੁਆਲੇ ਖਾਲੀ ਪਈ ਜ਼ਮੀਨ ਦੀ ਵਪਾਰਕ ਇਸਤੇਮਾਲ ਤੋਂ ਲਾਭ ਕਮਾਉਣ ਦੀਆਂ ਸੰਭਾਵਨਾਵਾਂ ਨੂੰ ਲੱਭਿਆ ਅਤੇ ਦੱਖਣੀ ਕੋਰੀਆ ਰੇਲਵੇ ਨੂੰ ਸੰਭਾਵਿਤ ਖਾਕੇ ਨਾਲ ਵਿਸਥਾਰ ਯੋਜਨਾ ਸੌਂਪੀ।

ਯੋਜਨਾ ਤਹਿਤ ਸਟੇਸ਼ਨ ''ਤੇ ਆਟੋਮੈਟਿਕ ਪੌੜੀਆਂ, ਲਿਫਟ, ਆਟੋਮੈਟਿਕ ਸੈਲਫ ਟਿਕਟ ਖਿੜਕੀ ਅਤੇ ਮੁਸਫਿਰਾਂ ਲਈ ਕਈ ਹੋਰ ਸਹੂਲਤਾਂ ਹੋਣਗੀਆਂ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਨਿੱਜੀ ਕੰਪਨੀਆਂ ਦੀ ਮਦਦ ਨਾਲ 400 ਸਟੇਸ਼ਨਾਂ ਦੇ ਮੁੜ ਵਿਕਾਸ ਜ਼ਰੀਏ ਮਾਲੀਆ ਇਕੱਠਾ ਕਰਨ ''ਤੇ ਜ਼ੋਰ ਦਿੱਤਾ ਹੈ ਅਤੇ ਨਵੀਂ ਦਿੱਲੀ ਦਾ ਡਿਜਾਇਨ ਇਸੇ ਦਾ ਹਿੱਸਾ ਹੈ।