NDTV ਆਮਦਨ ਕਰ ਵਿਭਾਗ ਦੇ ਕਾਰਨ ਦੱਸੋ ਨੋਟਿਸ ਨੂੰ ਚੁਣੌਤੀ ਦੇਵੇਗੀ

03/27/2022 11:10:13 AM

ਨਵੀਂ ਦਿੱਲੀ (ਭਾਸ਼ਾ) – ਪ੍ਰਸਾਰਕ ਕੰਪਨੀ ਐੱਨ. ਡੀ. ਟੀ. ਵੀ. ਨੇ ਕਿਹਾ ਕਿ ਉਹ ਆਮਦਨ ਕਰ ਵਿਭਾਗ ਵਲੋਂ ਭੇਜੇ ਗਏ ਕਾਰਨ ਦੱਸੋ ਨੋਟਿਸ ਨੂੰ ਚੁਣੌਤੀ ਦੇਵੇਗੀ। ਆਮਦਨ ਕਰ ਵਿਭਾਗ ਨੇ ਟੈਕਸ ਮੁਲਾਂਕਣ ਸਾਲ 2008-09 ਲਈ ਐੱਨ. ਡੀ. ਟੀ. ਵੀ. ਦੀ ਇਕ ਪੁਰਾਣੀ ਸਹਾਇਕ ਇਕਾਈ ਵਲੋਂ ਜਾਰੀ ਬਾਂਡ ਬਾਰੇ ਕੰਪਨੀ ਨੂੰ ਸਪੱਸ਼ਟੀਕਰਨ ਦੇਣ ਨੂੰ ਕਿਹਾ ਹੈ।

ਐੱਨ. ਡੀ. ਟੀ. ਵੀ. ਨੇ ਸ਼ੇਅਰ ਬਾਜਾ਼ਰ ਨੂੰ ਦਿੱਤੀ ਗਈ ਸੂਚਨਾ ’ਚ ਕਿਹਾ ਕਿ ਆਮਦਨ ਕਰ ਵਿਭਾਗ ਨੇ ਉਸ ਨੂੰ ਨੋਟਿਸ ਦਾ ਜਵਾਬ ਦੇਣ ਲਈ 29 ਮਾਰਚ ਤੱਕ ਦਾ ਸਮਾਂ ਦਿੱਤਾ ਹੈ। ਐੱਨ. ਡੀ. ਟੀ. ਵੀ. ਨੇ ਕਿਹਾ ਕਿ ਵਿਭਾਗ ਨੇ ਨੋਟਿਸ ਭੇਜ ਕੇ ਇਹ ਜਾਣਨਾ ਚਾਹਿਆ ਕਿ ਸਾਡੀ ਪੁਰਾਣੀ ਸਹਾਇਕ ਇਕਾਈ ਐੱਨ. ਡੀ. ਟੀ. ਵੀ. ਨੈੱਟਵਰਕਸ ਵਲੋਂ ਜਾਰੀ ਬਾਂਡ ਦੀ ਕਈ ਮਸ਼ਹੂਰ ਵਿਦੇਸ਼ੀ ਨਿਵੇਸ਼ਕਾਂ ਵਲੋਂ ਕੀਤੀ ਗਈ ਖਰੀਦ ਨੂੰ ਮੁਲਾਂਕਣ ਸਾਲ 2008-09 ਲਈ ਕੰਪਨੀ ਦੀ ਹੀ ਆਮਦਨ ਕਿਉਂ ਨਹੀਂ ਮੰਨਿਆ ਜਾਣਾ ਚਾਹੀਦਾ?

ਕੰਪਨੀ ਨੇ ਕਿਹਾ ਕਿ ਨੋਟਿਸ ਦੇ ਪੱਧਰ ’ਤੇ ਹੀ ਹੋਣ ਨਾਲ ਇਸ ਪ੍ਰਕਿਰਿਆ ਦਾ ਕੋਈ ਵਿੱਤੀ ਪ੍ਰਭਾਵ ਨਹੀਂ ਹੈ। ਉਸ ਨੇ ਕਿਹਾ ਕਿ ਦਿੱਲੀ ਹਾਈਕੋਰਟ ਨੇ 14 ਮਾਰਚ 2022 ਨੂੰ ਐੱਨ. ਡੀ. ਟੀ. ਵੀ. ਨੂੰ ਅੰਤਰਿਮ ਰਾਹਤ ਦਿੱਤੀ ਹੈ। ਐੱਨ. ਡੀ. ਟੀ. ਵੀ. ਨੇ ਆਪਣੀ ਦਾਇਰ ਪਟੀਸ਼ਨ ’ਚ ਮੁਲਾਂਕਣ ਸਾਲ 2008-09 ਦਾ ਮੁਲਾਂਕਣ ਮੁੜ ਕਰਨ ਨਾਲ ਆਮਦਨ ਕਰ ਵਿਭਾਗ ਦੇ ਕਦਮ ਨੂੰ ਚੁਣੌਤੀ ਦਿੱਤੀ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਗਸਤ ਨੂੰ ਹੋਵੇਗੀ।

Harinder Kaur

This news is Content Editor Harinder Kaur