N-95 ਮਾਸਕ ਨੂੰ ਲੈ ਕੇ ਬਦਲੇਗਾ ਇਹ ਨਿਯਮ, ਸਰਕਾਰ ਲੈ ਸਕਦੀ ਹੈ ਵੱਡਾ ਫ਼ੈਸਲਾ

08/15/2020 11:51:11 AM

ਨਵੀਂ ਦਿੱਲੀ— ਸਰਕਾਰ ਐੱਨ-95 ਮਾਸਕ ਨੂੰ ਲੈ ਕੇ ਵੱਡਾ ਫ਼ੈਸਲਾ ਲੈ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਦੀ ਬਰਾਮਦ ਨੂੰ ਹਰੀ ਝੰਡੀ ਦਿੱਤੀ ਜਾ ਸਕਦੀ ਹੈ।

ਇਕ ਸਰਕਾਰੀ ਅਧਿਕਾਰੀ ਅਨੁਸਾਰ, ਕਪੜਾ ਮੰਤਰਾਲਾ ਦੇਸ਼ 'ਚ ਇਸ ਦੀ ਸਪਲਾਈ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਬਰਾਮਦ 'ਤੇ ਰੋਕ ਹਟਾਉਣ ਨਾਲ ਦੇਸ਼ 'ਚ ਐੱਨ-95 ਮਾਸਕ ਦੀ ਘਾਟ ਨਾ ਹੋਵੇ।

ਈ. ਟੀ. ਦੀ ਰਿਪੋਰਟ ਮੁਤਾਬਕ, ਅਧਿਕਾਰੀ ਨੇ ਕਿਹਾ, ''ਅਸੀਂ ਬਰਾਮਦ ਖੋਲ੍ਹਣ ਬਾਰੇ ਵਿਚਾਰ ਕਰ ਰਹੇ ਹਾਂ ਕਿਉਂਕਿ ਪਾਬੰਦੀ ਸਿਹਤਮੰਦ ਨੀਤੀ ਨਹੀਂ ਹੈ। ਅਸੀਂ ਇਸ ਪਾਬੰਦੀ ਨੂੰ ਹਟਾ ਦੇਵਾਂਗੇ ਕਿਉਂਕਿ ਇੱਥੇ ਸਥਿਤੀ 'ਚ ਸੁਧਾਰ ਹੋ ਰਿਹਾ ਹੈ।''

ਇੰਡਸਟਰੀ ਨੇ ਸਰਪੱਲਸ ਸਮਰੱਥਾ ਅਤੇ ਰੋਜ਼ਾਨਾ 70 ਲੱਖ ਐੱਨ-95 ਮਾਸਕ ਬਣਾਉਣ ਦੀ ਸਮਰੱਥਾ ਦਾ ਹਵਾਲਾ ਦਿੰਦੇ ਹੋਏ ਬਰਾਮਦ 'ਤੇ ਰੋਕ ਹਟਾਉਣ ਦੀ ਮੰਗ ਕੀਤੀ ਹੈ। ਭਾਰਤ ਹਰ ਰੋਜ਼ 400,000-500,000 ਐੱਨ-95 ਮਾਸਕ ਤਿਆਰ ਕਰ ਰਿਹਾ ਹੈ। ਗੌਰਤਲਬ ਹੈ ਕਿ ਕੋਵਿਡ-19 ਮਹਾਮਾਰੀ ਵਿਚਕਾਰ ਫਰਵਰੀ 'ਚ ਬਰਾਮਦ 'ਤੇ ਪਾਬੰਦੀ ਲਗਾਈ ਸੀ, ਜਦੋਂ ਕਿ ਸਰਕਾਰ ਨੇ ਸਿਹਤ ਸੰਭਾਲ ਦੀਆਂ ਗਤੀਵਧੀਆਂ 'ਚ ਵਰਤੇ ਜਾਣ ਵਾਲੇ ਕੱਪੜੇ ਤੇ ਹੋਰ ਮਾਸਕ ਸਮੇਤ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ.) 'ਤੇ ਹੌਲੀ-ਹੌਲੀ ਪਾਬੰਦੀ ਹਟਾ ਦਿੱਤੀ ਸੀ। ਇੰਡਸਟਰੀ ਨੇ ਬਰਾਮਦ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਉਸ ਨੂੰ ਡਰ ਹੈ ਕਿ ਇਸ ਸਖ਼ਤ ਪਾਬੰਦੀ ਨਾਲ ਕੌਮਾਂਤਰੀ ਬਾਜ਼ਾਰ 'ਚ ਪਾਕਿਸਤਾਨ, ਬੰਗਲਾਦੇਸ਼ ਅਤੇ ਇੰਡੋਨੇਸ਼ੀਆ ਵਰਗੇ ਮੁਕਾਬਲੇਬਾਜ਼ਾਂ ਕੋਲ ਕਾਰੋਬਾਰ ਚੱਲ ਜਾਵੇਗਾ।

Sanjeev

This news is Content Editor Sanjeev