ਬੁਲੇਟ ਟਰੇਨ ਪ੍ਰੋਜੈਕਟ ਲਈ ਟੈਂਡਰ ਜਾਰੀ, 90000 ਲੋਕਾਂ ਨੂੰ ਮਿਲੇਗਾ ਰੁਜ਼ਗਾਰ

09/23/2020 10:54:45 PM

ਨਵੀਂ ਦਿੱਲੀ— ਮੁੰਬਈ ਤੋਂ ਅਹਿਮਦਾਬਾਦ ਵਿਚਕਾਰ ਬੁਲੇਟ ਟਰੇਨ ਚਲਾਉਣ ਲਈ ਰੇਲ ਗਲਿਆਰੇ ਦਾ ਨਿਰਮਾਣ ਹੋ ਰਿਹਾ ਹੈ। ਬੁੱਧਵਾਰ ਨੂੰ ਕੇਂਦਰ ਸਰਕਾਰ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰੋਜੈਕਟ ਤਹਿਤ 237 ਕਿਲੋਮੀਟਰ ਲੰਮੇ ਹਾਈ ਸਪੀਡ ਰੇਲ ਗਲਿਆਰੇ ਦੇ ਡਿਜ਼ਾਇਨ ਅਤੇ ਨਿਰਮਾਣ ਲਈ ਟੈਂਡਰ ਜਾਰੀ ਕੀਤਾ ਹੈ। ਇਹ ਟੈਂਡਰ ਪ੍ਰੋਜੈਕਟ ਦੇ 47 ਫੀਸਦੀ ਹਿੱਸੇ ਨੂੰ ਕਵਰ ਕਰਦਾ ਹੈ।

ਇਸ ਪ੍ਰੋਜੈਕਟ ਤਹਿਤ 508 ਕਿਲੋਮੀਟਰ ਲੰਮੇ ਰੇਲ ਗਲਿਆਰੇ ਦਾ ਨਿਰਮਾਣ ਹੋਣਾ ਹੈ। ਇਹ ਟੈਂਡਰ ਗੁਜਰਾਤ ਦੇ ਵਾਪੀ ਤੋਂ ਲੈਕੇ ਵਡੋਦਰਾ ਵਿਚਕਾਰ ਰੇਲ ਪਟੜੀ ਦੇ ਨਿਰਮਾਣ ਲਈ ਜਾਰੀ ਕੀਤਾ ਗਿਆ ਹੈ। ਇਸ 'ਚ ਚਾਰ ਸ਼ਹਿਰਾਂ ਵਾਪੀ, ਬਿਲਿਮੋਰਾ, ਸੂਰਤ ਅਤੇ ਭਰੂਚ 'ਚ ਰੇਲਵੇ ਸਟੇਸ਼ਨ ਦਾ ਵੀ ਨਿਰਮਾਣ ਹੋਵੇਗਾ। ਇਸ ਰਸਤੇ 'ਚ 24 ਨਦੀਆਂ ਅਤੇ 30 ਰੋਡ ਕ੍ਰਾਸਿੰਗ ਆਉਣਗੇ। ਜਿਸ ਦੂਰੀ ਲਈ ਟੈਂਡਰ ਜਾਰੀ ਕੀਤਾ ਗਿਆ ਹੈ ਉਸ ਦਾ ਪੂਰਾ ਹਿੱਸਾ ਗੁਜਰਾਤ 'ਚ ਪੈਂਦਾ ਹੈ, ਜਿਸ ਲਈ 83 ਫੀਸਦੀ ਜ਼ਮੀਨ ਦੀ ਪ੍ਰਾਪਤੀ ਕੀਤੀ ਜਾ ਚੁੱਕੀ ਹੈ।

ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰੋਜੈਕਟ ਲਈ ਕੁੱਲ ਤਿੰਨ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ। ਇਨ੍ਹਾਂ 'ਚ ਐਫਕਾਂਸ ਇੰਫਰਾਸਟ੍ਰਕਚਰ ਲਿਮਟਿਡ ਨੇ ਇਰਕੋਨ ਇੰਟਰਨੈਸ਼ਨਲ ਲਿਮਟਿਡ ਤੇ ਜੇ. ਐੱਮ. ਸੀ. ਪ੍ਰੋਜੈਕਟ ਇੰਡੀਆ ਨੇ ਮਿਲ ਕੇ ਦਿਲਚਸਪੀ ਲਈ ਹੈ। ਉੱਥੇ ਹੀ ਦੂਜੀ ਕੰਪਨੀ ਲਾਰਸਨ ਐਂਡ ਟੁਬਰੋ ਹੈ। ਇਸ ਤੋਂ ਇਲਾਵਾ ਐੱਨ. ਸੀ. ਸੀ. ਲਿਮਟਿਡ ਨੇ ਟਾਟਾ ਪ੍ਰੋਜੈਕਟ ਲਿਮਟਿਡ, ਜੇ. ਕੁਮਾਰ ਇੰਫਰਾ ਪ੍ਰੋਜੈਕਟਸ ਅਤੇ ਐੱਚ. ਐੱਸ. ਆਰ. ਕੰਸਟੋਰੀਅਮ ਨੇ ਨਾਲ ਮਿਲ ਕੇ ਦਿਲਚਸਪੀ ਦਿਖਾਈ ਹੈ। ਬੁਲੇਟ ਟਰੇਨ ਪ੍ਰੋਜੈਕਟ ਨਾਲ ਹਜ਼ਾਰਾਂ ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰੱਤਖ ਰੁਜ਼ਗਾਰ ਮਿਲੇਗਾ। ਨੈਸ਼ਨਲ ਹਾਈ-ਸਪੀਡ ਰੇਲ ਕਾਰਪੋਰੇਸ਼ਨ ਲਿਮਟਡ (ਐੱਨ. ਐੱਚ.ਐੱਸ. ਆਰ. ਸੀ. ਐੱਲ.) ਨੇ ਕਿਹਾ ਹੈ ਕਿ ਇਕੱਲੇ ਇਸ ਪ੍ਰਾਜੈਕਟ ਨਾਲ ਸਿੱਧੇ ਅਤੇ ਅਸਿੱਧੇ ਤੌਰ 'ਤੇ 90,000 ਤੱਕ ਨੌਕਰੀਆਂ ਪੈਦਾ ਹੋਣਗੀਆਂ।

Sanjeev

This news is Content Editor Sanjeev