ਰਿਲਾਇੰਸ ਇੰਡਸਟਰੀਜ਼ ਦੇ ਰਾਈਟਸ ਇਸ਼ੂ ’ਚ ਮੁਕੇਸ਼ ਅੰਬਾਨੀ ਨੇ 5.52 ਲੱਖ ਸ਼ੇਅਰ ਹਾਸਲ ਕੀਤੇ

06/12/2020 12:00:06 AM

ਨਵੀਂ ਦਿੱਲੀ (ਭਾਸ਼ਾ)-ਰਿਲਾਇੰਸ ਇੰਡਸਟਰੀਜ਼ ਦੇ ਹਾਲ ’ਚ ਬੰਦ ਹੋਏ 53,124 ਕਰੋਡ਼ ਰੁਪਏ ਦੇ ਰਾਈਟਸ ਇਸ਼ੂ ’ਚ ਮੁਕੇਸ਼ ਅੰਬਾਨੀ ਨੂੰ ਕੰਪਨੀ ਦੇ 5.52 ਲੱਖ ਸ਼ੇਅਰ ਮਿਲੇ ਹਨ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਇਹ ਜਾਣਕਾਰੀ ਦਿੱਤੀ। ਅੰਬਾਨੀ ਕੋਲ ਹੁਣ ਰਿਲਾਇੰਸ ਇੰਡਸਟਰੀਜ਼ ਦੇ 80.52 ਲੱਖ ਸ਼ੇਅਰ ਹੋ ਗਏ ਹਨ। ਰਾਈਟਸ ਇਸ਼ੂ ਤੋਂ ਪਹਿਲਾਂ ਉਨ੍ਹਾਂ ਕੋਲ 75 ਲੱਖ ਸ਼ੇਅਰ ਸਨ। ਹੁਣ ਉਨ੍ਹਾਂ ਕੋਲ ਕੰਪਨੀ ਦੇ 0.12 ਫੀਸਦੀ ਸ਼ੇਅਰ ਹੋ ਗਏ ਹਨ।

ਅੰਬਾਨੀ ਦੀ ਪਤਨੀ ਨੀਤਾ ਅਤੇ ਬੱਚੀਆਂ ਇਸ਼ਾ, ਅਕਾਸ਼ ਅਤੇ ਅਨੰਤ ਨੂੰ ਵੀ ਰਾਈਟਸ ਇਸ਼ੂ ’ਚ 5.52-5.52 ਲੱਖ ਸ਼ੇਅਰ ਮਿਲੇ ਹਨ। ਇਨ੍ਹਾਂ ਕੋਲ ਵੀ ਹੁਣ ਕੰਪਨੀ ਦੀ 0.12-0.12 ਫੀਸਦੀ ਸ਼ੇਅਰ ਹੋ ਗਏ ਹਨ। ਕੁਲ ਮਿਲਾ ਕੇ ਰਾਈਟਸ ਇਸ਼ੂ ’ਚ ਪ੍ਰਮੋਟਰ ਸਮੂਹ ਨੂੰ 22.50 ਕਰੋਡ਼ ਸ਼ੇਅਰ ਮਿਲੇ ਹਨ। ਇਸ ਦੇ ਨਾਲ ਹੀ ਕੰਪਨੀ ’ਚ ਪ੍ਰਮੋਟਰ ਸਮੂਹ ਦੀ ਹਿੱਸੇਦਾਰੀ 50.29 ਫੀਸਦੀ ਹੋ ਗਈ ਹੈ, ਜੋ ਪਹਿਲਾਂ 50.07 ਫੀਸਦੀ ਸੀ। ਇਸ ਦੇ ਨਾਲ ਹੀ ਕੰਪਨੀ ’ਚ ਜਨਤਕ ਸ਼ੇਅਰਧਾਰਤਾ 49.93 ਫੀਸਦੀ ਤੋਂ ਘੱਟ ਕੇ 49.71 ਫੀਸਦੀ ’ਤੇ ਆ ਗਈ ਹੈ। ਜਨਤਕ ਖੇਤਰ ਦੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੇ ਰਾਈਟਸ ਇਸ਼ੂ ’ਚ 2.47 ਕਰੋਡ਼ ਸ਼ੇਅਰ ਹਾਸਲ ਕੀਤੇ ਹਨ। ਇਸ ਨਾਲ ਐੱਲ. ਆਈ. ਸੀ. ਕੋਲ ਰਿਲਾਇੰਸ ਇੰਡਸਟਰੀਜ਼ ਦੇ 37.18 ਕਰੋਡ਼ ਸ਼ੇਅਰ ਜਾਂ 6 ਫੀਸਦੀ ਹਿੱਸੇਦਾਰੀ ਹੋ ਗਈ ਹੈ। ਕੁਲ ਮਿਲਾ ਕੇ ਜਨਤਕ ਸ਼ੇਅਰਧਾਰਕਾਂ ਨੇ ਰਾਈਟਸ ਇਸ਼ੂ ’ਚ 19.74 ਕਰੋਡ਼ ਸ਼ੇਅਰ ਹਾਸਲ ਕੀਤੇ। ਅੰਬਾਨੀ ਦੀ ਕੰਪਨੀ ਨੇ 30 ਅਪ੍ਰੈਲ ਨੂੰ 53,124 ਕਰੋਡ਼ ਰੁਪਏ ਦੇ ਰਾਈਟਸ ਇਸ਼ੂ ਦਾ ਐਲਾਨ ਕੀਤਾ ਸੀ।

Karan Kumar

This news is Content Editor Karan Kumar