PMC ਬੈਂਕ 'ਚ 6500 ਕਰੋੜ ਤੋਂ ਜ਼ਿਆਦਾ ਦਾ ਘਪਲਾ, ਰਿਕਾਰਡ 'ਚੋਂ ਗਾਇਬ 10.5 ਕਰੋੜ ਦਾ ਕੈਸ਼

10/18/2019 3:54:45 PM

ਮੁੰਬਈ — ਪੰਜਾਬ ਐਂਡ ਮਹਾਰਾਸ਼ਟਰ ਸਰਕਾਰੀ ਬੈਂਕ(PMC) 'ਚ ਹੋਏ ਘਪਲੇ ਨੂੰ ਲੈ ਕੇ ਜਾਂਚ ਕਮੇਟੀ ਨੇ ਇਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਾਂਚ ਟੀਮ ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਬੈਂਕ ਦੇ ਰਿਕਾਰਡ ਤੋਂ ਕੁੱਲ 10.5 ਕਰੋੜ ਦਾ ਕੈਸ਼ ਗਾਇਬ ਹੈ। PMC ਬੈਂਕ ਦੀ ਅੰਦਰੂਨੀ ਜਾਂਚ ਕਰ ਰਹੀ ਟੀਮ ਨੂੰ ਜਿਹੜੇ ਚੈੱਕ ਮਿਲੇ ਹਨ ਉਨ੍ਹਾਂ ਨੂੰ ਦੇਖਣ 'ਚ ਪਤਾ ਲੱਗਦਾ ਹੈ ਕਿ 10 ਕਰੋੜ ਤੋਂ ਜ਼ਿਆਦਾ ਦੀ ਹੇਰਾਫੇਰੀ ਇਨ੍ਹਾਂ ਚੈੱਕਾਂ ਜ਼ਰੀਏ ਕੀਤੀ ਗਈ ਹੈ। ਬਾਕੀ ਦੇ 50 ਲੱਖ ਰੁਪਏ ਦਾ ਵੀ ਅਜੇ ਤੱਕ ਕੋਈ ਹਿਸਾਬ ਨਹੀਂ ਮਿਲ ਸਕਿਆ ਹੈ।

ਜਾਂਚ ਟੀਮ ਨੂੰ ਘਪਲੇ ਦੇ ਦੋਸ਼ੀ ਰਿਅਲ ਅਸਟੇਟ ਕੰਪਨੀ ਹਾਊਸਿੰਗ ਡਵੈਲਪਮੈਂਟ ਐਂਡ ਇਨਫਰਾਸਟਰੱਕਚਰ ਲਿਮਟਿਡ ਅਤੇ ਇਸ ਨਾਲ ਸਬੰਧਿਤ ਕੰਪਨੀਆਂ ਵਲੋਂ ਜਾਰੀ ਕੀਤੇ ਗਏ ਕਈ ਚੈੱਕ ਮਿਲੇ ਹਨ, ਜਿਨ੍ਹਾਂ ਨੂੰ ਕਦੇ ਵੀ ਬੈਂਕ 'ਚ ਜਮ੍ਹਾ ਹੀ ਨਹੀਂ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਚੈੱਕਾਂ ਨੂੰ ਜਮ੍ਹਾਂ ਕੀਤੇ ਬਗੈਰ ਹੀ ਉਨ੍ਹਾਂ ਨੂੰ ਕੈਸ਼ ਦਿੱਤਾ ਗਿਆ ਹੈ।
ਜਾਂਚ ਟੀਮ ਮੁਤਾਬਕ ਦਰਅਸਲ ਇਹ ਘਪਲਾ 4,355 ਕਰੋੜ ਦਾ ਨਹੀਂ, ਸਗੋਂ 6500 ਕਰੋੜ ਰੁਪਏ ਤੋਂ ਜ਼ਿਆਦਾ ਦਾ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ HDIL ਅਤੇ ਇਸ ਨਾਲ ਜੁੜੀਆਂ ਕੰਪਨੀਆਂ ਕੈਸ਼ ਚਾਹੁੰਦੀਆਂ ਸਨ। ਉਨ੍ਹਾਂ ਨੇ ਪਿਛਲੇ ਦੋ ਸਾਲ 'ਚ ਬੈਂਕ ਦੇ ਸਾਬਕਾ ਮੇਨੈਜਿੰਗ ਡਾਇਰੈਕਟਰ ਜੁਆਏ ਥੋਮਸ ਨੂੰ ਚੈੱਕ ਭੇਜੇ। ਥਾਮਸ ਨੇ ਉਨ੍ਹਾਂ ਨੂੰ ਚੈੱਕ ਦੇ ਬਦਲੇ ਕੈਸ਼ ਦਿੱਤੇ ਪਰ ਉਨ੍ਹਾਂ ਨੇ ਬੈਂਕ 'ਚ ਜਮ੍ਹਾਂ ਨਹੀਂ ਕਰਵਾਏ। ਬੈਂਕ ਦੀ ਰਿਕਾਰਡ ਬੁੱਕ 'ਚ ਇਨ੍ਹਾਂ ਚੈੱਕਾਂ ਦੀ ਕੋਈ ਐਂਟਰੀ ਨਹੀਂ ਹੈ। ਇਸ ਜਾਂਚ ਤੋਂ ਪਤਾ ਲੱਗਦਾ ਹੈ ਕਿ 10 ਕਰੋੜ ਤੋਂ ਉੱਪਰ ਜਿਹੜੀ ਵੀ ਰਕਮ ਦਾ ਹੁਣ ਤੱਕ ਕਝ ਪਤਾ ਨਹੀਂ ਲੱਗਾ ਹੈ ਉਸਨੂੰ ਥਾਮਸ ਨੇ ਆਪਣੇ ਕੋਲ ਰੱਖ ਲਿਆ ਸੀ।

ਹੁਣ ਤੱਕ 5 ਲੋਕ ਹੋ ਚੁੱਕੇ ਹਨ ਗ੍ਰਿਫਤਾਰ

ਜ਼ਿਕਰਯੋਗ ਹੈ ਕਿ ਇਸ ਘਪਲੇ 'ਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਅਜੇ ਜਾਰੀ ਹੈ। PMC ਬੈਂਕ ਘਪਲੇ 'ਚ ਹੁਣ ਤੱਕ ਬੈਂਕ ਦੇ ਸਾਬਕਾ ਡਾਇਰੈਕਟਰ ਸੁਰਜੀਤ ਸਿੰਘ ਅਰੋੜਾ, ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੁਆਏ ਥਾਮਸ, HDIL ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਵਧਾਵਨ , ਪੁੱਤਰ ਸਾਰੰਗ ਵਧਾਵਨ ਅਤੇ 000 ਬੈਂਕ ਦੇ ਸਾਬਕਾ ਚੇਅਰਮੈਨ ਵਰਿਆਮ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀਆਂ ਦੀ ਜਾਂਚ ਦੌਰਾਨ ਹੋਰ ਘਪਲੇ ਅਤੇ ਵੱਡੇ ਰਾਜ਼ ਸਾਹਮਣੇ ਆ ਸਕਦੇ ਹਨ।