ਸਰਕਾਰ ''ਤੇ ਭਾਰੀ ਆਰਥਿਕ ਸੁਸਤੀ, ਮੂਡੀਜ਼ ਵੱਲੋਂ ਵੀ GDP ਗ੍ਰੋਥ ''ਚ ਕਟੌਤੀ

12/16/2019 3:43:27 PM

ਨਵੀਂ ਦਿੱਲੀ— ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਮੰਗ 'ਚ ਗਿਰਾਵਟ ਤੇ ਕਮਜ਼ੋਰ ਖਪਤ ਦਾ ਹਵਾਲਾ ਦਿੰਦੇ ਹੋਏ ਵਿੱਤੀ ਸਾਲ 2019-20 ਲਈ ਭਾਰਤ ਦੀ ਵਿਕਾਸ ਦਰ ਦਾ ਅੰਦਾਜ਼ਾ 5.8 ਫੀਸਦੀ ਤੋਂ ਹੋਰ ਘਟਾ ਕੇ 4.9 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਵੀ ਗ੍ਰੋਥ 'ਚ ਕਮੀ ਰਹਿਣ ਦਾ ਅੰਦਾਜ਼ਾ ਪ੍ਰਗਟ ਕਰ ਚੁੱਕਾ ਹੈ। ਮੂਡੀਜ਼ ਦਾ ਕਹਿਣਾ ਹੈ ਕਿ ਘਰੇਲੂ ਖਪਤ ਕਮਜ਼ੋਰ ਹੋਣ ਕਾਰਨ ਆਰਥਿਕ ਰਫਤਾਰ ਸੁਸਤ ਰਹਿਣ ਦਾ ਖਦਸ਼ਾ ਹੈ। ਪ੍ਰਚੂਨ ਲੋਨ ਵੰਡਣ 'ਚ ਮੋਹਰੀ ਰਹੇ ਫਾਈਨਾਂਸ ਸੰਸਥਾਨਾਂ 'ਚ ਨਕਦੀ ਸੰਕਟ ਨੇ ਇਸ ਸੁਸਤੀ ਨੂੰ ਹੋਰ ਵਧਾ ਦਿੱਤਾ ਹੈ।


ਸਰਕਾਰ ਵੱਲੋਂ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਇਨਕਮ ਸਪੋਰਟ ਸਕੀਮ, ਕਾਰਪੋਰੇਟ ਟੈਕਸ 'ਚ ਕਟੌਤੀ ਸਮੇਤ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਆਰਥਿਕ ਸੁਸਤੀ ਦੇ ਬੱਦਲ ਛਾਏ ਹੋਏ ਹਨ। ਮੂਡੀਜ਼ ਨੇ ਸੰਭਾਵਨਾ ਜਤਾਈ ਕਿ ਸਰਕਾਰ ਦਾ ਵਿੱਤੀ ਘਾਟਾ ਜੀ. ਡੀ. ਪੀ. ਦਾ 3.8 ਫੀਸਦੀ ਰਹਿ ਸਕਦਾ ਹੈ, ਜੋ ਸਰਕਾਰ ਵੱਲੋਂ ਮਿੱਥੇ ਟੀਚੇ ਤੋਂ 0.5 ਫੀਸਦੀ ਵੱਧ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ 'ਚ ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਵਿੱਤੀ ਸਾਲ 2019-20 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅੰਦਾਜ਼ਾ 6.5 ਤੋਂ ਘਟਾ ਕੇ 5.1 ਫੀਸਦੀ ਕੀਤਾ ਹੈ।ਇਸ ਤੋਂ ਇਲਾਵਾ ਮੌਜੂਦਾ ਵਿੱਤੀ ਸਾਲ ਦੀ 30 ਸਤੰਬਰ ਨੂੰ ਖਤਮ ਹੋਈ ਦੂਜੀ ਤਿਮਾਹੀ 'ਚ ਵਿਕਾਸ ਦਰ 4.5 ਫੀਸਦੀ ਰਹੀ ਹੈ, ਜੋ ਛੇ ਸਾਲਾਂ ਦਾ ਨੀਵਾਂ ਪੱਧਰ ਹੈ। ਪਹਿਲੀ ਤਿਮਾਹੀ 'ਚ ਵਿਕਾਸ ਦਰ 5 ਫੀਸਦੀ ਰਹੀ ਸੀ।