ਹੋਟਲ-ਰੈਸਟੋਰੈਂਟ ''ਤੇ ਮਿਹਰਬਾਨ ਮੋਦੀ, ਆਮ ਜਨਤਾ ਦਾ ਕੱਢਿਆ ਤੇਲ

05/26/2018 4:41:58 PM

ਜਲੰਧਰ— 26 ਮਈ 2018 ਨੂੰ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋ ਗਏ ਹਨ। ਇਨ੍ਹਾਂ ਸਾਲਾਂ 'ਚ ਮੋਦੀ ਸਰਕਾਰ ਨੇ ਕਈ ਕੰਮ ਕੀਤੇ ਅਤੇ ਉਨ੍ਹਾਂ ਦੇ ਕਈ ਕੰਮਾਂ ਦੀ ਆਲੋਚਨਾ ਵੀ ਹੋਈ। ਮੌਜੂਦਾ ਸਮੇਂ ਜਨਤਾ 'ਚ ਸਭ ਤੋਂ ਗਰਮ ਮੁੱਦਾ ਪੈਟਰੋਲ-ਡੀਜ਼ਲ ਕੀਮਤਾਂ ਦਾ ਹੈ ਪਰ ਸਰਕਾਰ ਆਮ ਜਨਤਾ ਤੋਂ ਜ਼ਿਆਦਾ ਹੋਟਲ-ਰੈਸਟੋਰੈਂਟਾਂ 'ਤੇ ਮਿਹਰਬਾਨ ਦਿਸ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਸਾਲ ਜਨਵਰੀ ਤੋਂ ਹੁਣ ਤਕ ਵਪਾਰਕ ਸਿਲੰਡਰਾਂ ਦੀ ਕੀਮਤ 'ਚ ਲਗਾਤਾਰ ਕਟੌਤੀ ਕੀਤੀ ਗਈ ਹੈ, ਜਦੋਂ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਰਿਕਾਰਡ ਤੋੜ ਦਿੱਤਾ ਹੈ। ਇਸ ਸਾਲ ਜਨਵਰੀ 'ਚ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 1,310 ਰੁਪਏ ਸੀ, ਜੋ ਕਿ ਹੁਣ ਤਕ ਤਕਰੀਬਨ 143 ਰੁਪਏ ਘੱਟ ਕੇ 1,167 ਰੁਪਏ 'ਤੇ ਆ ਚੁੱਕੀ ਹੈ। ਉੱਥੇ ਹੀ ਮਨਮੋਹਨ ਸਰਕਾਰ ਦੇ ਆਖਰੀ ਦਿਨਾਂ ਸਮੇਂ ਇਸ ਦੀ ਕੀਮਤ 1600 ਰੁਪਏ ਤੋਂ ਵੀ ਉਪਰ ਰਹੀ ਸੀ। ਮੋਦੀ ਸਰਕਾਰ ਤੋਂ ਜਨਤਾ ਨੂੰ ਕਾਫੀ ਉਮੀਦ ਸੀ ਕਿ ਇਹ ਸਰਕਾਰ ਮਹਿੰਗਾਈ 'ਤੇ ਕੰਟਰੋਲ ਕਰੇਗੀ ਪਰ ਆਮ ਜਨਤਾ ਅਜੇ ਵੀ ਅੱਛੇ ਦਿਨਾਂ ਦੀ ਉਡੀਕ 'ਚ ਹੈ।

ਵਪਾਰਕ ਸਿਲੰਡਰ ਦੇ ਜਨਵਰੀ-ਅਪ੍ਰੈਲ ਤਕ ਦੇ ਰੇਟ-


ਪੈਟਰੋਲ-ਡੀਜ਼ਲ ਨੇ ਲੋਕਾਂ ਦੀ ਜੇਬ 'ਤੇ ਵਧਾਇਆ ਬੋਝ-


ਉੱਥੇ ਹੀ ਦੂਜੇ ਪਾਸੇ ਜਨਵਰੀ ਤੋਂ ਹੁਣ ਤਕ ਪੈਟਰੋਲ 8 ਰੁਪਏ ਅਤੇ ਡੀਜ਼ਲ 9 ਰੁਪਏ ਤੋਂ ਵੀ ਵਧ ਮਹਿੰਗਾ ਹੋ ਚੁੱਕਾ ਹੈ। ਪਹਿਲੀ ਜਨਵਰੀ ਨੂੰ ਪੈਟਰੋਲ ਦੀ ਕੀਮਤ 69.97 ਰੁਪਏ ਰਹੀ ਸੀ, ਜੋ 26 ਮਈ ਨੂੰ 77.97 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 26 ਮਈ ਨੂੰ 68.90 ਰੁਪਏ ਦਰਜ ਕੀਤੀ ਗਈ, ਜਦੋਂ ਕਿ ਪਹਿਲੀ ਜਨਵਰੀ ਨੂੰ ਇਸ ਦੀ ਕੀਮਤ 59.70 ਰੁਪਏ ਸੀ।
ਮਹਿੰਗੇ ਪੈਟਰੋਲ-ਡੀਜ਼ਲ ਨਾਲ ਸੂਬਾ ਸਰਕਾਰਾਂ ਦੇ ਖਜ਼ਾਨੇ ਵੀ ਭਰ ਰਹੇ ਹਨ ਪਰ ਆਮ ਜਨਤਾ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਹੈ। ਮਹਿੰਗੇ ਪੈਟਰੋਲ-ਡੀਜ਼ਲ ਜ਼ਰੀਏ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਰਾਜਸਥਾਨ ਅਜਿਹੇ ਪੰਜ ਚੋਟੀ ਦੇ ਸੂਬੇ ਹਨ ਜੋ ਸਭ ਤੋਂ ਵਧ ਕਮਾਈ ਕਰ ਰਹੇ ਹਨ। ਉੱਥੇ ਹੀ ਪੰਜਾਬ ਵੀ ਇਸ ਮਾਮਲੇ 'ਚ ਪਿੱਛੇ ਨਹੀਂ ਹੈ। ਇਸ ਸਮੇਂ ਸਭ ਤੋਂ ਮਹਿੰਗਾ ਪੈਟਰੋਲ ਮਹਾਰਾਸ਼ਟਰ 'ਚ ਹੈ ਅਤੇ ਇੱਥੋਂ ਦੀ ਸਰਕਾਰ ਕਮਾਈ ਵੀ ਸਾਰੇ ਸੂਬਿਆਂ ਤੋਂ ਵਧ ਕਰ ਰਹੀ ਹੈ। ਇਸ ਮਾਮਲੇ 'ਚ ਪੰਜਾਬ ਵੀ ਪਿੱਛੇ ਨਹੀਂ ਹੈ। ਪੰਜਾਬ ਸਰਕਾਰ ਦੀ ਕਮਾਈ ਦੇਖੀਏ ਤਾਂ ਪਿਛਲੇ ਤਿੰਨ ਸਾਲ 'ਚ ਇਹ ਲਗਾਤਾਰ ਵਧੀ ਹੈ। ਵਿੱਤੀ ਸਾਲ 2014-15 'ਚ ਪੰਜਾਬ ਸਰਕਾਰ ਨੂੰ 4,179 ਕਰੋੜ ਰੁਪਏ ਦੀ ਕਮਾਈ ਹੋਈ ਸੀ। ਸਾਲ 2015-16 ਦੇ ਵਿੱਤੀ ਸਾਲ 'ਚ ਇਹ ਕਮਾਈ ਵਧ ਕੇ 4,907 ਕਰੋੜ 'ਤੇ ਪਹੁੰਚ ਗਈ, ਜਦੋਂ ਕਿ ਸਾਲ 2016-17 'ਚ ਪੰਜਾਬ ਸਰਕਾਰ ਨੇ 5,833 ਕਰੋੜ ਰੁਪਏ ਦੀ ਕਮਾਈ ਕੀਤੀ। ਉੱਥੇ ਹੀ ਵਿੱਤੀ ਸਾਲ 2017-18 ਦੇ ਅਪ੍ਰੈਲ ਤੋਂ ਦਸੰਬਰ ਮਹੀਨੇ ਤਕ ਪੰਜਾਬ ਸਰਕਾਰ 4,331 ਕਰੋੜ ਰੁਪਏ ਕਮਾ ਚੁੱਕੀ ਹੈ, ਜਦੋਂ ਕਿ ਅਜੇ ਜਨਵਰੀ-ਮਾਰਚ ਤਕ ਦੀ ਕਮਾਈ ਦੇ ਅੰਕੜੇ ਆਉਣੇ ਬਾਕੀ ਹਨ।